ਕਿਸਾਨ ਦੇ ਘਰੋਂ 45 ਤੋਲੇ ਸੋਨਾ ਤੇ ਨਕਦੀ ਚੋਰੀ

0
11

ਜੰਡਿਆਲਾ ਗੁਰੂ : ਇੱਥੋਂ ਨਜ਼ਦੀਕੀ ਪਿੰਡ ਜਾਣੀਆਂ ਵਿੱਚ ਬੀਤੀ ਰਾਤ ਇੱਕ ਕਿਸਾਨ ਦੇ ਘਰ ਵਿੱਚ ਦਾਖ਼ਲ ਹੋ ਕੇ ਅਣਪਛਾਤੇ ਚੋਰਾਂ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਈ ਸਾਲ ਦੁਬਈ ਵਿਖੇ ਮਿਹਨਤ-ਮਜ਼ਦੂਰੀ ਕਰਕੇ ਇਹ ਕਮਾਈ ਕਰਕੇ ਲਿਆਏ ਸਨ। ਬੀਤੀ ਰਾਤ ਚੋਰ ਉਨ੍ਹਾਂ ਦੇ ਘਰ ਦੇ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਗਏ।
ਇਸ ਤੋਂ ਬਾਅਦ ਚੋਰਾਂ ਨੇ ਕਮਰੇ ਦੀ ਗਰਿੱਲ ਤੋੜੀ ਅਤੇ ਅੰਦਰ ਆ ਕੇ ਪਰਵਾਰ ‘ਤੇ ਕੋਈ ਨਸ਼ੀਲੀ ਵਸਤੂ ਛਿੜਕ ਕੇ ਉਨ੍ਹਾਂ ਨੂੰ ਬੇਹੋਸ਼ ਕਰ ਦਿੱਤਾ। ਕਿਸਾਨ ਮੁਤਾਬਕ ਚੋਰਾਂ ਨੇ ਘਰ ਦੀਆਂ ਅਲਮਾਰੀਆਂ ਤੋੜ ਕੇ ਕਰੀਬ 45 ਤੋਲੇ ਸੋਨੇ ਦੇ ਗਹਿਣੇ, 5 ਲੱਖ ਰੁਪਏ ਨਕਦ, 8 ਤੋਂ 10 ਵਿਦੇਸ਼ੀ ਘੜੀਆਂ ਅਤੇ ਮੋਬਾਇਲ ਫ਼ੋਨ ਚੋਰੀ ਕਰ ਲਏ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਚੋਰ ਉਨ੍ਹਾ ਦੀ ਬੇਟੀ ਅਤੇ ਨੂੰਹ ਦੇ ਗਹਿਣਿਆਂ ਸਮੇਤ ਵੱਡੇ-ਵਡੇਰਿਆਂ ਦੀ ਨਿਸ਼ਾਨੀ ਵਜੋਂ ਸੰਭਾਲਿਆ ਹੋਇਆ ਸੋਨਾ ਵੀ ਲੁੱਟ ਕੇ ਲੈ ਗਏ। ਇਸ ਚੋਰੀ ਕਾਰਨ ਉਨ੍ਹਾ ਦਾ ਕਰੀਬ ਇੱਕ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਸ ਅਨੁਸਾਰ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।