ਛਤਰਪਤੀ ਸੰਭਾਜੀਨਗਰ : ‘ਸ਼ਨੀਵਾਰ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਉਨ੍ਹਾ ਦਾ ਵਿਰੋਧ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਸਫਲ ਰਿਹਾ, ਜਿਸ ਵਿੱਚ ਲਗਭਗ 7,000 ਲੋਕਾਂ ਨੇ ਹਿੱਸਾ ਲਿਆ। ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਤਵਾਰ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਨ੍ਹਾ ਦਾ ਅੰਦੋਲਨ ਉਦੋਂ ਤੱਕ ਨਹੀਂ ਰੁਕੇਗਾ, ਜਦੋਂ ਤੱਕ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦਿੰਦੇ। ਉਨ੍ਹਾ ਕਿਹਾ ਕਿ ਅੰਦੋਲਨ ਹੁਣ ਦੇਸ਼ ਭਰ ਵਿੱਚ ਫੈਲੇਗਾ। ਸੀ ਜੇ ਪੀ ਦੇ ਸੰਸਥਾਪਕ ਐਤਵਾਰ ਸਵੇਰੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੇ ਐੱਮ ਆਈ ਡੀ ਸੀ ਵਲੂਜ ਖੇਤਰ ਵਿੱਚ ਆਪਣੇ ਨਿਵਾਸ ਸਥਾਨ ‘ਤੇ ਪਹੁੰਚੇ, ਜਿਥੇ ਉਨ੍ਹਾ ਦੇ ਪਰਵਾਰਕ ਮੈਂਬਰਾਂ ਨੇ ਉਨ੍ਹਾ ਦਾ ਸਵਾਗਤ ਕੀਤਾ। ਉਨ੍ਹਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਇਸ ਅੰਦੋਲਨ ਨੂੰ ਦੇਸ਼ ਭਰ ਵਿੱਚ ਲਿਜਾਣ ਲਈ ਇੱਕ ਹੋਰ ਕਾਰਜ ਯੋਜਨਾ ਤਿਆਰ ਕਰਾਂਗੇ। ਨਵੀਂ ਦਿੱਲੀ ਵਿੱਚ ਪ੍ਰਦਰਸ਼ਨ ਉਪਰੰਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਸੀ ਜੇ ਪੀ ਦੇ ਬੁਲਾਰੇ ਨੇ ਐਲਾਨ ਕੀਤਾ ਕਿ ਉਹ ਕੇਂਦਰ ਵੱਲੋਂ ਪ੍ਰਧਾਨ ਨੂੰ ਬਰਖਾਸਤ ਕਰਨ ਜਾਂ ਉਨ੍ਹਾ ਦੇ ਸਵੈ-ਇੱਛਾ ਨਾਲ ਅਸਤੀਫ਼ੇ ਦੀ ਇੱਕ ਹਫ਼ਤੇ ਦੀ ਉਡੀਕ ਕਰਨਗੇ, ਜਿਸ ਤੋਂ ਬਾਅਦ ਉਹ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨਗੇ। ਵਿਰੋਧ ਪ੍ਰਦਰਸ਼ਨ ਦੌਰਾਨ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਨ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ‘ਹਿੰਦੂ-ਮੁਸਲਿਮ’ ਰਾਜਨੀਤੀ ਬੰਦ ਕਰਨ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਮਾਤ ਭੂਮੀ ਦਾ ਗੁਣਗਾਨ ਕੀਤਾ।




