ਐੱਸ ਆਈ ਆਰ ਰੱਦ ਕਰਾਉਣ ਤੇ ਗਿਆਨੇਸ਼ ਦੇ ਅਸਤੀਫੇ ਲਈ ਸੀ ਪੀ ਆਈ ਨੇ ਬਣਾਈ ਵਿਸ਼ਾਲ ਮਨੁੱਖੀ ਲੜੀ

0
6

ਨਵੀਂ ਦਿੱਲੀ. (ਨਵਾਂ ਜ਼ਮਾਨਾ ਸਰਵਿਸ)
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਲਈ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੇ ਮੰਗਲਵਾਰ ਇੱਥੇ ਆਪਣੇ ਮੁੱਖ ਦਫਤਰ ਅਜੈ ਭਵਨ ਤੋਂ ਆਈ ਟੀ ਓ ਤੱਕ ਇੱਕ ਵਿਸ਼ਾਲ ਅਤੇ ਬੇਹੱਦ ਸਫਲ ਮਨੁੱਖੀ ਲੜੀ ਬਣਾਈ | ਹਜ਼ਾਰਾਂ ਲੋਕਾਂ ਨੇ ਇੱਕ-ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਉਨ੍ਹਾਂ ਲੱਖਾਂ ਨਾਗਰਿਕਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ, ਜਿਨ੍ਹਾਂ ਦੇ ਨਾਂਅ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘੀ ਸੋਧ (ਐੱਸ ਆਈ ਆਰ) ਰਾਹੀਂ ਕੱਟ ਦਿੱਤੇ ਗਏ ਹਨ¢ਇਸ ਵਿਸ਼ਾਲ ਸ਼ਮੂਲੀਅਤ ਨੇ ਨਾਗਰਿਕਾਂ ਨੂੰ ਯੋਜਨਾਬੱਧ ਢੰਗ ਨਾਲ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਅਤੇ ਵੋਟ ਪਾਉਣ ਦੇ ਬੁਨਿਆਦੀ ਜਮਹੂਰੀ ਹੱਕ ‘ਤੇ ਕੀਤੇ ਜਾ ਰਹੇ ਹਮਲੇ ਵਿਰੁੱਧ ਲੋਕਾਂ ਦੇ ਵਧ ਰਹੇ ਰੋਸ ਨੂੰ ਦਰਸਾਇਆ¢
ਸੀ ਪੀ ਆਈ ਅਤੇ ਇਸ ਦੀਆਂ ਜਨਤਕ ਜਥੇਬੰਦੀਆਂ ਨੇ ਐੱਸ ਆਈ ਆਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ¢ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ“ਗਿਆਨੇਸ਼ ਕੁਮਾਰ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ‘ਤੇ ਉਨ੍ਹਾ ਦਾ ਬਣੇ ਰਹਿਣਾ ਸਾਡੇ ਚੋਣ ਲੋਕਤੰਤਰ ਦੀ ਭਰੋਸੇਯੋਗਤਾ ਲਈ ਇੱਕ ਗੰਭੀਰ ਖਤਰਾ ਹੈ¢ ਉਨ੍ਹਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ¢”ਮਨੁੱਖੀ ਲੜੀ ਦੌਰਾਨ ਜੰਤਰ-ਮੰਤਰ ਦੀ ਪ੍ਰਦਰਸ਼ਨ ਸਥਾਨ ਵਜੋਂ ਮਾਨਤਾ ਰੱਦ ਕਰਨ ਦੇ ਫੈਸਲੇ ਦੀ ਵੀ ਸਖਤ ਨਿੰਦਾ ਕੀਤੀ ਗਈ ਅਤੇ ਇਸ ਨੂੰ ਤੁਰੰਤ ਮੁੜ ਖੋਲ੍ਹਣ ਦੀ ਮੰਗ ਕੀਤੀ ਗਈ¢ਇਹ ਕਿਹਾ ਗਿਆ ਕਿ ਜਮਹੂਰੀ ਵਿਰੋਧ ਪ੍ਰਗਟਾਉਣ ਦੇ ਇੱਕ ਇਤਿਹਾਸਕ ਸਥਾਨ ਨੂੰ ਬੰਦ ਕਰਨ ਦੀ ਕੋਸ਼ਿਸ਼ ਲੋਕ ਅੰਦੋਲਨਾਂ ਪ੍ਰਤੀ ਵਧ ਰਹੀ ਅਸਹਿਣਸ਼ੀਲਤਾ ਅਤੇ ਵਿਰੋਧ ਪ੍ਰਦਰਸ਼ਨ ਦੇ ਹੱਕ ਨੂੰ ਯੋਜਨਾਬੱਧ ਢੰਗ ਨਾਲ ਦਬਾਉਣ ਦੀ ਇੱਕ ਹੋਰ ਮਿਸਾਲ ਹੈ¢
ਸੀ ਪੀ ਆਈ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਨਾਗਰਿਕਾਂ ਨੂੰ ਉਨ੍ਹਾਂ ਦੇ ਚੋਣ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੇਇਨਸਾਫੀ ਵਿਰੁੱਧ ਆਪਣੀ ਆਵਾਜ਼ ਉਠਾਉਣ ਤੋਂ ਵੀ ਰੋਕਿਆ ਜਾਂਦਾ ਹੈ, ਤਾਂ ਲੋਕਤੰਤਰ ਜਿਊਾਦਾ ਨਹੀਂ ਰਹਿ ਸਕਦਾ¢
ਭਾਰਤ ਦਾ ਚੋਣ ਕਮਿਸ਼ਨ, ਜਿਸ ਨੂੰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਦੀ ਸੰਵਿਧਾਨਕ ਜ਼ਿੰਮੇਵਾਰੀ ਸੌਂਪੀ ਗਈ ਹੈ, ਇਸ ਸਮੇਂ ਭਰੋਸੇਯੋਗਤਾ ਦੇ ਇੱਕ ਬੇਮਿਸਾਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ¢ ਲੋਕਤੰਤਰ ਅਤੇ ਸੰਵਿਧਾਨਕ ਜਵਾਬਦੇਹੀ ਦੇ ਵਡੇਰੇ ਹਿੱਤ ਵਿੱਚ ਐੱਸ ਆਈ ਆਰ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ, ਜੰਤਰ-ਮੰਤਰ ਨੂੰ ਮੁੜ ਖੋਲਿ੍ਹਆ ਜਾਣਾ ਚਾਹੀਦਾ ਹੈ ਅਤੇ ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ¢
ਇਸ ਮਨੁੱਖੀ ਲੜੀ ਵਿੱਚ ਕਾਮਰੇਡ ਡੀ ਰਾਜਾ ਦੇ ਨਾਲ ਕੌਮੀ ਸਕੱਤਰੇਤ ਦੇ ਮੈਂਬਰ ਅਮਰਜੀਤ ਕੌਰ, ਸਾਂਸਦ ਪੀ ਸੰਦੋਸ਼ ਕੁਮਾਰ, ਰਾਮਾ ਕ੍ਰਿਸ਼ਨਾ ਪਾਂਡਾ, ਡਾ. ਗਿਰੀਸ਼ ਸ਼ਰਮਾ, ਐਨੀ ਰਾਜਾ, ਕੇ ਪ੍ਰਕਾਸ਼ ਬਾਬੂ ਅਤੇ ਕੇ ਰਾਮਕ੍ਰਿਸ਼ਨ; ਸੀ ਪੀ ਆਈ ਸਾਂਸਦ ਪੀਪੀ. ਸੁਨੀਰ; ਪੰਜਾਬ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਦਿੱਲੀ ਦੇ ਸਕੱਤਰ ਪ੍ਰੋ. ਦਿਨੇਸ਼ ਵਰਸ਼ਨੇ; ਐੱਨ ਐੱਫ ਆਈ ਡਬਲਿਊ ਦੀ ਜਨਰਲ ਸਕੱਤਰ ਨਿਸ਼ਾ ਸਿੱਧੂ; ਏ ਆਈ ਕੇ ਐੱਸ ਦੇ ਪ੍ਰਧਾਨ ਰਾਜਨ ਕਸ਼ੀਰਸਾਗਰ; ਬੀ ਕੇ ਐੱਮ ਯੂ ਦੇ ਸਕੱਤਰ ਵੀ ਐੱਸ ਨਿਰਮਲ; ਏ ਆਈ ਵਾਈ ਐੱਫ ਦੇ ਪ੍ਰਧਾਨ ਰÏਸ਼ਨ ਕੁਮਾਰ ਸਿਨਹਾ ਤੇ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਅਤੇ ਏ ਆਈ ਐੱਸ ਐੱਫ ਦੇ ਪ੍ਰਧਾਨ ਵਿਰਾਜ ਦੇਵਾਂਗ ਸਮੇਤ ਸੀ ਪੀ ਆਈ ਅਤੇ ਇਸ ਦੀਆਂ ਜਨਤਕ ਜਥੇਬੰਦੀਆਂ ਦੇ ਹਜ਼ਾਰਾਂ ਆਗੂਆਂ, ਕਾਰਕੁਨਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ¢
ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਉਤਸ਼ਾਹਪੂਰਨ ਸ਼ਮੂਲੀਅਤ ਨੇ ਇਸ ਪ੍ਰੋਗਰਾਮ ਨੂੰ ਲੋਕਤੰਤਰ ਦੀ ਰੱਖਿਆ ਕਰਨ, ਵੋਟ ਦੇ ਅਧਿਕਾਰ ਨੂੰ ਸੁਰੱਖਿਅਤ ਬਣਾਉਣ ਅਤੇ ਗਣਰਾਜ ਦੀਆਂ ਸੰਵਿਧਾਨਕ ਨੀਂਹਾਂ ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਦਾ ਵਿਰੋਧ ਕਰਨ ਦੇ ਲੋਕਾਂ ਦੇ ਦਿ੍ੜ੍ਹ ਇਰਾਦੇ ਦਾ ਇੱਕ ਸ਼ਕਤੀਸ਼ਾਲੀ ਪ੍ਰਗਟਾਵਾ ਬਣਾ ਦਿੱਤਾ | ਸੀ ਪੀ ਆਈ ਨੇ ਸਾਰੀਆਂ ਜਮਹੂਰੀ ਤਾਕਤਾਂ, ਸਿਆਸੀ ਪਾਰਟੀਆਂ, ਸਿਵਲ ਸਮਾਜ ਦੀਆਂ ਜਥੇਬੰਦੀਆਂ ਤੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਵੋਟ ਚੋਰੀ’ ਵਿਰੁੱਧ ਅਤੇ ਇੱਕ ਪਾਰਦਰਸ਼ੀ, ਸੁਤੰਤਰ ਤੇ ਜਵਾਬਦੇਹ ਚੋਣ ਕਮਿਸ਼ਨ ਦੀ ਸਥਾਪਨਾ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ |