ਨਿਊ ਯਾਰਕ (ਨ ਜ਼ ਸ)
2026 ਦਾ ਵਿਸ਼ਵ ਫੁੱਟਬਾਲ ਕੱਪ ਟੂਰਨਾਮੈਂਟ 11 ਜੂਨ ਨੂੰ ਤਿੰਨ ਮੇਜ਼ਬਾਨ ਦੇਸ਼ਾਂ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿੱਚ ਤਿੰਨ ਮੈਚਾਂ ਨਾਲ ਸ਼ੁਰੂ ਹੋਵੇਗਾ। ਜਦੋਂ ਕਿ ਅਮਰੀਕਾ ਨੇ 1994 ਅਤੇ ਮੈਕਸੀਕੋ ਨੇ 1970 ਤੇ 1986 ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ, ਕੈਨੇਡਾ ਪਹਿਲੀ ਵਾਰ ਇਸ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ। ਇਸ ਵਿਸ਼ਵ ਕੱਪ ਵਿੱਚ 16 ਸ਼ਹਿਰਾਂ ਵਿੱਚ ਰਿਕਾਰਡ 104 ਮੈਚ ਹੋਣਗੇ। ਟੂਰਨਾਮੈਂਟ 11 ਜੂਨ ਨੂੰ ਮੈਕਸੀਕੋ ਵਿੱਚ ਹੋਣ ਵਾਲੇ ਉਦਘਾਟਨੀ ਮੈਚ ਤੋਂ ਲੈ ਕੇ 19 ਜੁਲਾਈ ਨੂੰ ਨਿਊਯਾਰਕ ਵਿੱਚ ਹੋਣ ਵਾਲੇ ਫਾਈਨਲ ਤੱਕ ਚੱਲੇਗਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੈਕਸੀਕੋ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ, ਜੋ ਕਿ ਮੈਕਸੀਕੋ ਸਿਟੀ ਵਿੱਚ ਉਦਘਾਟਨੀ ਸਮਾਰੋਹ ਤੋਂ ਬਾਅਦ ਹੋਵੇਗਾ। ਕੈਨੇਡਾ ਟੋਰਾਂਟੋ ਵਿੱਚ ਬੋਸਨੀਆ ਤੇ ਹਰਜ਼ੇਗੋਵਿਨਾ ਵਿਰੁੱਧ ਖੇਡੇਗਾ। ਲਾਸ ਏਂਜਲਸ ਵਿੱਚ ਜਸ਼ਨ ਤੋਂ ਬਾਅਦ ਅਮਰੀਕਾ ਆਪਣੇ ਪਹਿਲੇ ਮੈਚ ਵਿੱਚ ਪੈਰਾਗੁਏ ਨਾਲ ਭਿੜੇਗਾ।




