ਮਾਰਕਸਵਾਦੀ ਸਿਧਾਂਤ ਨੌਜਵਾਨਾਂ ਨੂੰ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ : ਜਗਰੂਪ

0
11

ਮੋਗਾ (ਨਵਾਂ ਜ਼ਮਾਨਾ ਸਰਵਿਸ)
ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖ਼ੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੀ ਅਗਵਾਈ ‘ਚ 3 ਰੋਜ਼ਾ ਸਿਧਾਂਤਕ ਕੈਂਪ 12 ਜੂਨ ਤੋਂ ਸ਼ੂਰੂ ਹੋਇਆ, ਜੋ ਦੂਜੇ ਦਿਨ ਸ਼ਨੀਵਾਰ ਵੀ ਜਾਰੀ ਰਿਹਾ।ਇਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਚੁਣੇ ਹੋਏ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਸੁਖਵਿੰਦਰ ਮਲੋਟ ਨੇ ਕੀਤੀ। ਇਸ ਸਿਧਾਂਤਕ ਕੈਂਪ ਦਾ ਉਦਘਾਟਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸਰੀ ਨੇ ਕੀਤਾ।
ਸਿਧਾਂਤਕ ਕਲਾਸ ਦੇ ਪਹਿਲੇ ਦਿਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਨੇ ਕਿਹਾ ਕਿ ਮਾਰਕਸਵਾਦੀ ਸਿਧਾਂਤ ਨੌਜਵਾਨਾਂ , ਵਿਦਿਆਰਥੀਆਂ ਨੂੰ ਦੇਸ਼ ਦੇ ਮੌਜੂਦਾ ਹਾਲਾਤ ਨੂੰ ਸਮਝਣ ਅਤੇ ਬਦਲਣ ਲਈ ਇਕ ਠੋਸ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਅਤੇ ਇਸ ਦ੍ਰਿਸ਼ਟੀਕੋਣ ਦੀ ਮਦਦ ਨਾਲ ਉਹ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਨੂੰ ਤੇਜ਼ ਕਰ ਸਕਦੇ ਹਨ। ਉਹਨਾਂ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਮਾਰਕਸਵਾਦ ਦਾ ਵੱਧ ਤੋਂ ਵੱਧ ਅਧਿਐਨ ਕਰਨਾ ਚਾਹੀਦਾ ਹੈ ਅਤੇ ਆਪਣੀ ਜਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ।
ਕੈਂਪ ਦੇ ਦੂਜੇ ਦਿਨ ਮਾਰਕਸਵਾਦ ਦੇ ਦਿਲਚਸਪ ਵਿਸ਼ੇ ‘ਇਤਿਹਾਸਕ ਪਦਾਰਥਵਾਦ’ ‘ਤੇ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਮਨੁੱਖੀ ਇਤਿਹਾਸ ਸੰਘਰਸ਼ਾਂ ਅਤੇ ਪ੍ਰਾਪਤੀਆਂ ਭਰਿਆ ਇਤਿਹਾਸ ਹੈ ਅਤੇ ਵਿਕਾਸ ਦੇ ਹਰ ਪੜਾਅ ‘ਤੇ ਅੱਗੇ ਵਧਣ ਲਈ ਲੜੇ ਜਾਂਦੇ ਸੰਘਰਸ਼ ਦੀ ਜਿੱਤ ਹੋਈ ਹੈ। ਉਹਨਾ ਕਿਹਾ ਕਿ ਜ਼ਿੰਦਗੀ ਲਈ ਇਸ ਸੰਘਰਸ਼ ਅਤੇ ਵਿਕਾਸ ਤੋਂ ਸਬਕ ਮਿਲਦਾ ਹੈ ਕਿ ਸਭ ਕੁਝ ਬਦਲਾਅ ਵਿੱਚ ਹੈ ਅਤੇ ਮੌਜੂਦਾ ਗਲੇ-ਸੜੇ ਰਾਜਨੀਤਕ ਪ੍ਰਬੰਧ ਨੂੰ ਅਵੱਛ ਹੀ ਬਦਲਿਆ ਜਾ ਸਕਦਾ ਹੈ। ਉਹਨਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਚਲਾਈ ਬਨੇਗਾ ਪ੍ਰਾਪਤੀ ਮੁਹਿੰਮ ਮਾਰਕਸਵਾਦੀ ਸਿਧਾਂਤ ਅਨੁਸਾਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰ ਰਹੀ ਹੈ ਤੇ ਹਰੇਕ ਨੌਜਵਾਨ ਅਤੇ ਵਿਦਿਆਰਥੀ ਨੂੰ ਇਸ ਮੁਹਿੰਮ ਦਾ ਆਗੂ ਬਣ ਕੇ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਜੀਤ ਸੰਗਰੂਰ, ਕੁੜੀਆਂ ਦੀ ਸੂਬਾ ਕਨਵੀਨਰ ਰੇਸ਼ਮ ਕੌਰ ਮੁਕਤਸਰ, ਜਸਪ੍ਰੀਤ ਬੱਧਣੀ, ਸੋਨਾ ਸਿੰਘ ਧੁਨਕੀਆਂ, ਸੰਗਰਾਮ ਤਖਾਣਬੱਧ, ਜਸ਼ਨ ਸਿੰਘ, ਹਰਮਨ ਸਿੰਘ ਅਤੇ ਖੁਸ਼ਹਾਲ ਸਿੰਘ ਮੁਕਤਸਰ, ਬਲਵਿੰਦਰ ਘੁਬਾਇਆ ਦੀ ਅਗਵਾਈ ਵਿੱਚ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਬ ਭਾਰਤ ਨੌਜਵਾਨ ਸਭਾ ਮੋਗਾ ਦੇ ਜਿਲ੍ਹਾ ਸਕੱਤਰ ਜਗਵਿੰਦਰ ਕਾਕਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਦੀਨਾ ਅਤੇ ਸੂਬਾ ਕਮੇਟੀ ਮੈਂਬਰ ਬੋਹੜ ਬੁੱਟਰ ਦੀ ਅਗਵਾਈ ਹੇਠ ਕੈਂਪ ਦਾ ਸਮੁੱਚਾ ਪ੍ਰਬੰਧ ਬਾਖੂਬੀ ਕੀਤਾ ਹੋਇਆ ਸੀ।