ਨਵੀਂ ਦਿੱਲੀ (ਨ ਜ਼ ਸ)
ਭਾਰਤੀ ਸੈਨਾ ਨੇ ਆਪਣੀ ਵਰਦੀ (ਡਰੈੱਸ ਕੋਡ) ਅਤੇ ਰਹਿਣ-ਸਹਿਣ (ਗਰੂਮਿੰਗ) ਦੇ ਨਿਯਮਾਂ ਵਿੱਚ ਇੱਕ ਬਹੁਤ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ। ਸੈਨਾ ਵੱਲੋਂ ਜਾਰੀ ਕੀਤੀ ਗਈ 174 ਪੰਨਿਆਂ ਦੀ ਨਵੀਂ ਨਿਯਮਾਵਲੀ ‘ਆਰਮੀ ਯੂਨੀਫਾਰਮਜ਼-2026’ ਤਹਿਤ ਅੰਗਰੇਜ਼ ਸ਼ਾਸਨ ਕਾਲ (ਬ੍ਰਿਟਿਸ਼ ਦੌਰ) ਤੋਂ ਚੱਲੀਆਂ ਆ ਰਹੀਆਂ ਕਈ ਰਵਾਇਤਾਂ ਅਤੇ ਪ੍ਰਤੀਕਾਂ ਨੂੰ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ। ਭਾਰਤੀ ਫ਼ੌਜ ਦਾ ਕਹਿਣਾ ਹੈ ਕਿ ਇਨ੍ਹਾਂ ਸੁਧਾਰਾਂ ਦਾ ਮੁੱਖ ਮਕਸਦ ਬਸਤੀਵਾਦੀ ਮਾਨਸਿਕਤਾ ਦੇ ਚਿੰਨ੍ਹਾਂ ਨੂੰ ਖ਼ਤਮ ਕਰਕੇ ਭਾਰਤੀ ਸੈਨਿਕ ਪਰੰਪਰਾਵਾਂ, ਕਦਰਾਂ-ਕੀਮਤਾਂ ਅਤੇ ਦੇਸ਼ ਦੀ ਬਦਲਦੀ ਰਾਸ਼ਟਰੀ ਪਛਾਣ ਨੂੰ ਮਜ਼ਬੂਤੀ ਨਾਲ ਉਭਾਰਨਾ ਹੈ। ਇਸ ਨਵੀਂ ਨਿਯਮਾਵਲੀ ਦੇ ਅਨੁਸਾਰ, ਹੁਣ ਫ਼ੌਜ ਦੇ ਉੱਚ ਅਧਿਕਾਰੀ ਰਸਮੀ ਸਮਾਗਮਾਂ (ਫਾਰਮਲ ਡਰੈੱਸ) ਦੌਰਾਨ ਬੰਦ ਗਲੇ ਵਾਲੀ ‘ਬੰਡੀ ਜੈਕਟ’ ਪਹਿਨ ਸਕਣਗੇ। ਅਫ਼ਸਰਾਂ ਨੂੰ ਬੰਦਗਲਾ, ਲਾਊਂਜ ਸੂਟ, ਕੰਬੀਨੇਸ਼ਨ ਡਰੈੱਸ ਜਾਂ ਟਾਈ-ਸ਼ਰਟ ਦੇ ਨਾਲ ਵੀ ਬੰਡੀ ਪਹਿਨਣ ਦੀ ਖੁੱਲ੍ਹ ਹੋਵੇਗੀ, ਜਿਸ ਦੇ ਰੰਗ ਅਤੇ ਡਿਜ਼ਾਈਨ ਦੇ ਮਾਪਦੰਡ ਤੈਅ ਕੀਤੇ ਗਏ ਹਨ। ਹੁਣ ਪਰੇਡ ਦਾ ਨਿਰੀਖਣ ਕਰਨ ਵਾਲੇ ਸੀਨੀਅਰ ਸੈਨਿਕ ਅਧਿਕਾਰੀਆਂ ਲਈ ਹੱਥ ਵਿੱਚ ਤਲਵਾਰ ਲੈ ਕੇ ਚੱਲਣਾ ਲਾਜ਼ਮੀ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕਈ ਵਰਦੀਆਂ ਦੇ ਨਾਲ ਪਹਿਨੀ ਜਾਣ ਵਾਲੀ ਰਵਾਇਤੀ ‘ਪਾਊਚ ਬੈਲਟ’ ਨੂੰ ਵੀ ਹਟਾ ਦਿੱਤਾ ਗਿਆ ਹੈ, ਹਾਲਾਂਕਿ ਕੁਝ ਖ਼ਾਸ ਰੈਜੀਮੈਂਟਲ ਪ੍ਰੋਗਰਾਮਾਂ ਵਿੱਚ ਇਸ ਦੀ ਵਰਤੋਂ ਹੁੰਦੀ ਰਹੇਗੀ। ਸੈਨਾ ਨੇ ਸਾਰੇ ਰੈਂਕਾਂ ਦੇ ਜਵਾਨਾਂ ਲਈ ਸਰਦੀਆਂ ਦੀ ਇੱਕ ਨਵੀਂ ਵਿਹਾਰਕ ਵਰਦੀ ਸ਼ੁਰੂ ਕੀਤੀ ਹੈ, ਜਿਸ ਨੂੰ ‘ਡਰੈੱਸ 32’ ਦਾ ਨਾਂਅ ਦਿੱਤਾ ਗਿਆ ਹੈ; ਇਸ ਵਿੱਚ ਅੰਗੋਲਾ ਸ਼ਰਟ, ਬੈਟਲ ਜੈਕਟ ਅਤੇ ਬੇਰੇਟ (ਗੋਲ ਟੋਪੀ) ਸ਼ਾਮਲ ਹੈ। ਵਰਦੀ ਦੇ ਨਾਲ-ਨਾਲ ਬਸਤੀਵਾਦੀ ਦੌਰ ਦੀ ਯਾਦ ਦਿਵਾਉਣ ਵਾਲੀ ਸ਼ਬਦਾਵਲੀ ਨੂੰ ਵੀ ਬਦਲਿਆ ਗਿਆ ਹੈ, ਜਿਸ ਤਹਿਤ ‘ਰੌਇਲ’ ਵਰਗੇ ਸ਼ਬਦਾਂ ਨੂੰ ਫ਼ੌਜੀ ਕੋਸ਼ ਵਿੱਚੋਂ ਖ਼ਾਰਜ ਕਰ ਦਿੱਤਾ ਗਿਆ ਹੈ। ਸਰੀਰ ‘ਤੇ ਟੈਟੂ ਖੁਣਵਾਉਣ ਅਤੇ ਕੰਨ-ਨੱਕ ਵਿੰਨ੍ਹਣ ‘ਤੇ ਮੁਕੰਮਲ ਪਾਬੰਦੀ ਜਾਰੀ ਰਹੇਗੀ। ਵਰਦੀ ਵਿੱਚ ਬਰੇਸਲੇਟ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਡਿਓਡੋਰੈਂਟ ਅਤੇ ਪਰਫਿਊਮ ਦੀ ਵਰਤੋਂ ਵਰਜਿਤ ਕਰ ਦਿੱਤੀ ਗਈ ਹੈ, ਹਾਲਾਂਕਿ ਆਫਟਰ-ਸ਼ੇਵ ਲੋਸ਼ਨ ਲਗਾਇਆ ਜਾ ਸਕਦਾ ਹੈ। ਜਵਾਨਾਂ ਦੀਆਂ ਮੁੱਛਾਂ ਦੀ ਲੰਬਾਈ 12 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ। ਸਿੱਖ ਸੈਨਿਕਾਂ ਨੂੰ ਉਨ੍ਹਾਂ ਦੇ ਧਾਰਮਿਕ ਪ੍ਰਤੀਕਾਂ (ਦਸਤਾਰ ਅਤੇ ਕਕਾਰ) ਸੰਬੰਧੀ ਪਹਿਲਾਂ ਵਾਂਗ ਹੀ ਵਿਸ਼ੇਸ਼ ਛੋਟ ਮਿਲਦੀ ਰਹੇਗੀ। ਬਾਕੀ ਜਵਾਨਾਂ ਨੂੰ ਕੇਵਲ ਧਾਰਮਿਕ ਅਨੁਸ਼ਠਾਨ ਵਾਲੇ ਦਿਨ ਪਵਿੱਤਰ ਧਾਗਾ (ਖੰਮਹਣੀ/ਜਨੇਊ) ਪਹਿਨਣ ਦੀ ਸੀਮਤ ਖੁੱਲ੍ਹ ਹੋਵੇਗੀ। ਮਹਿਲਾ ਸੈਨਿਕ ਅਧਿਕਾਰੀਆਂ ਨੂੰ ਸਾਦੇ ਰੰਗ ਦੀ ਸਾੜ੍ਹੀ ਜਾਂ ਕੁੜਤਾ-ਸਲਵਾਰ ਪਹਿਨਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ ਬਿਨਾਂ ਬਾਹਾਂ ਵਾਲੇ (ਸਲੀਵਲੇਸ) ਕੁੜਤੇ, ਪਲਾਜ਼ੋ ਅਤੇ ਸਿਗਰੇਟ ਪੈਂਟ ਪਹਿਨਣ ‘ਤੇ ਪੂਰੀ ਤਰ੍ਹਾਂ ਰੋਕ ਹੋਵੇਗੀ। ਵਰਦੀ ਦੇ ਨਾਲ ਲਿਪਸਟਿਕ, ਰੰਗਦਾਰ ਨੇਲ ਪਾਲਿਸ਼, ਵੱਡੀ ਬਿੰਦੀ ਅਤੇ ਨੋਜ਼ ਪਿਨ (ਕੋਕਾ) ਪਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਵਿਆਹੀਆਂ ਮਹਿਲਾ ਅਧਿਕਾਰੀ ਸਿੰਦੂਰ ਲਗਾ ਸਕਦੀਆਂ ਹਨ, ਬਸ਼ਰਤੇ ਉਹ ਬੇਰੇਟ ਜਾਂ ਫ਼ੌਜੀ ਕੈਪ ਦੇ ਹੇਠਾਂ ਛਿਪਿਆ ਹੋਣਾ ਚਾਹੀਦਾ ਹੈ ਅਤੇ ਬਾਹਰ ਦਿਖਾਈ ਨਾ ਦੇਵੇ।




