ਅਮਰੀਕਾ ਤੇ ਈਰਾਨ ਮੇਰੀ ਹਾਜ਼ਰੀ ‘ਚ ਸਮਝੌਤੇ ‘ਤੇ ਦਸਤਖਤ ਕਰਨਗੇ : ਸ਼ਰੀਫ

0
8

ਵਾਸ਼ਿੰਗਟਨ (ਨ ਜ਼ ਸ)-ਅਮਰੀਕਾ ਅਤੇ ਈਰਾਨ ਐਤਵਾਰ ਜੰਗ ਖਤਮ ਕਰਨ ਅਤੇ ਸ਼ਾਂਤੀ ਸਮਝੌਤੇ ‘ਤੇ ਸਹਿਮਤ ਹੋ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਈਰਾਨ ਨਾਲ ਸਮਝੌਤਾ ਹੁਣ ਮੁਕੰਮਲ ਹੋ ਚੁੱਕਾ ਹੈ। ਦੂਜੇ ਪਾਸੇ ਈਰਾਨ ਨੇ ਵੀ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਅਮਰੀਕਾ ਨਾਲ ਮਹੀਨਿਆਂਬੱਧੀ ਚੱਲੀ ਲੰਮੀ ਅਤੇ ਗੁੰਝਲਦਾਰ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਸਹਿਮਤੀ ਪੱਤਰ ਨੂੰ ਅੰਤਮ ਰੂਪ ਦੇ ਦਿੱਤਾ ਹੈ।
ਟਰੰਪ ਨੇ ਐਲਾਨ ਕੀਤਾ ਕਿ ਇਸ ਸਮਝੌਤੇ ਤਹਿਤ ਰਣਨੀਤਕ ਤੌਰ ‘ਤੇ ਅਹਿਮ ‘ਹਾਰਮੁਜ਼ ਜਲਡਮਰੂ’ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾ ਈਰਾਨੀ ਬੰਦਰਗਾਹਾਂ ‘ਤੇ ਕੀਤੀ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਪਣੇ ਖਾਸ ਅੰਦਾਜ਼ ਵਿੱਚ ਟਵੀਟ ਕਰਦਿਆਂ ਟਰੰਪ ਨੇ ਲਿਖਿਆ, ‘ਦੁਨੀਆ ਭਰ ਦੇ ਸਮੁੰਦਰੀ ਜਹਾਜ਼ੋ, ਆਪਣੇ ਇੰਜਣ ਚਾਲੂ ਕਰ ਲਓ ਅਤੇ ਤੇਲ ਨੂੰ ਖੁੱਲ੍ਹ ਕੇ ਵਹਿਣ ਦਿਓ।’”
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵੇਂ ਮੁਲਕ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿੱਚ ਇਸ ਇਤਿਹਾਸਕ ਅਮਨ ਸਮਝੌਤੇ ‘ਤੇ ਰਸਮੀ ਦਸਤਖਤ ਕਰਨਗੇ। ਇਸ ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ। ਸ਼ਰੀਫ ਨੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਕਿਹਾ ਕਿ ਇਹ ਦੋ ਦੇਸ਼ਾਂ ਵਿਚਾਲੇ ਸਮਝੌਤਾ ਨਹੀਂ, ਸਗੋਂ ਅਮਨ ਲਈ ਡਿਪਲੋਮੈਟਿਕ ਕਾਮਯਾਬੀ ਹੈ।
ਜੇ ਅਜਿਹਾ ਹੁੰਦਾ ਹੈ, ਤਾਂ ਇਹ ਪਿਛਲੇ 47 ਸਾਲਾਂ ਵਿੱਚ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਸਭ ਤੋਂ ਉੱਚ ਪੱਧਰੀ ਸਿੱਧੀ ਮੁਲਾਕਾਤ ਹੋਵੇਗੀ, ਜਿਸ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਇਸ ਸਮਝੌਤੇ ਦੇ ਸਾਰੇ ਦਸਤਾਵੇਜ਼ ਅਜੇ ਜਨਤਕ ਨਹੀਂ ਕੀਤੇ ਗਏ, ਪਰ ਈਰਾਨੀ ਮੀਡੀਆ ਮੁਤਾਬਕ ਸਹਿਮਤੀ ਪੱਤਰ ਵਿੱਚ ਜੰਗ ਰੋਕਣ, ਬੰਦਰਗਾਹਾਂ ਤੋਂ ਨਾਕਾਬੰਦੀ ਹਟਾਉਣ ਅਤੇ ਈਰਾਨ ਦੇ ਫਰੀਜ਼ ਕੀਤੇ ਫੰਡਾਂ ਨੂੰ ਬਹਾਲ ਕਰਨ ਵਰਗੀਆਂ ਸ਼ਰਤਾਂ ਸ਼ਾਮਲ ਹਨ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗ਼ਰੀਬਾਬਾਦੀ ਨੇ ਸਪੱਸ਼ਟ ਕੀਤਾ ਕਿ ਅਗਲੇ 60 ਦਿਨਾਂ ਦੀ ਗੱਲਬਾਤ ਤਾਂ ਹੀ ਅੱਗੇ ਵਧੇਗੀ, ਜੇ ਅਮਰੀਕਾ ਪਹਿਲਾਂ ਆਪਣੀਆਂ ਤਿੰਨ ਸ਼ਰਤਾਂ (ਨਾਕਾਬੰਦੀ ਖਤਮ ਕਰਨਾ, ਫੌਜੀ ਕਾਰਵਾਈ ਰੋਕਣਾ ਅਤੇ ਫਰੀਜ਼ ਫੰਡ ਜਾਰੀ ਕਰਨਾ) ਪੂਰੀਆਂ ਕਰੇਗਾ।
ਕਾਂਗਰਸ ਪਾਰਟੀ ਨੇ ਸਮਝੌਤੇ ਦਾ ਸਵਾਗਤ ਕੀਤਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਦੀ ਅੰਨ੍ਹੀ ਭਗਤੀ ਦੀ ਨਿੰਦਾ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਦੇ ਕੌਮੀ ਹਿੱਤ ਪੱਛਮੀ ਏਸ਼ੀਆ ਵਿੱਚ ਸੰਤੁਲਤ ਨੀਤੀ ਦੀ ਮੰਗ ਕਰਦੇ ਹਨ। ਉਨ੍ਹਾ ਕਿਹਾ ਕਿ ਨਵੰਬਰ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਭਾਰਤੀ ਕੋਸ਼ਿਸ਼ਾਂ ਨਾਲ ਨਿਖੇੜੇ ਗਏ ਪਾਕਿਸਤਾਨ ਨੇ ਨਵਾਂ ਖੇਤਰੀ ਤੇ ਵਿਸ਼ਵੀ ਪ੍ਰਭਾਵ ਬਣਾ ਲਿਆ ਹੈ। ਕਾਂਗਰਸ ਦੇ ਇੱਕ ਹੋਰ ਆਗੂ ਪਵਨ ਖੇੜਾ ਨੇ ਕਿਹਾ ਕਿ ਭਾਰਤ ਨੇ ਡਿਪਲੋਮੈਟਿਕ ਜ਼ਮੀਨ ਗੁਆ ਲਈ ਹੈ, ਜਦਕਿ ਪਾਕਿਸਤਾਨ ਨੇ ਕੌਮਾਂਤਰੀ ਅਕਸ ਸੁਧਾਰ ਲਿਆ ਹੈ।