ਭਾਜਪਾ ਆਗੂ ਹੈਰੋਇਨ ਸਣੇ ਫੜਿਆ

0
4

ਬਠਿੰਡਾ (ਨ ਜ਼ ਸ)
ਪੁਲਸ ਨੇ ਇੱਕ ਵਕੀਲ ਅਤੇ ਉਸ ਦੇ ਸਹਾਇਕ ਨੂੰ ਇਥੇ ਭਾਈ ਘਨੱਈਆ ਚੌਕ ਤੋਂ ਇੱਕ ਕਾਰ ਵਿੱਚੋਂ 13.53 ਗ੍ਰਾਮ ਆਈਸ ਡਰੱਗ (ਮੈਥਮਫੇਟਾਮਾਈਨ) ਅਤੇ 14.03 ਗ੍ਰਾਮ ਹੈਰੋਇਨ ਲਿਜਾਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਲੀਗਲ ਸੈੱਲ ਦੇ ਸਾਬਕਾ ਪ੍ਰਧਾਨ ਅਤੇ ਗੋਨਿਆਣਾ ਰੋਡ ਦੇ ਵਸਨੀਕ ਵਕੀਲ ਰੋਹਿਤ ਭਾਰਦਵਾਜ ਅਤੇ ਉਸ ਦੇ ਸਹਾਇਕ ਪਿੰਡ ਬਲਾਹਰ ਵਿੰਝੂ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਐੱਸ ਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ‘ਤੇ ਪਹਿਲਾਂ ਹੀ ਐੱਨ ਡੀ ਪੀ ਐੱਸ ਐਕਟ ਤਹਿਤ ਇੱਕ ਕੇਸ ਦਰਜ ਹੈ। ਭਾਜਪਾ ਦੇ ਬਠਿੰਡਾ ਜ਼ਿਲ੍ਹਾ ਮੀਤ ਪ੍ਰਧਾਨ ਵਰਿੰਦਰ ਸ਼ਰਮਾ ਨੇ ਕਿਹਾ ਕਿ ਰੋਹਿਤ ਭਾਰਦਵਾਜ ਦੋ-ਤਿੰਨ ਸਾਲਾਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਨਹੀਂ ਸੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਕਿਹਾ ਕਿ ਨਸ਼ਿਆਂ ਸਮੇਤ ਭਾਜਪਾ ਦੇ ਇੱਕ ਅਹੁਦੇਦਾਰ ਦੀ ਗ੍ਰਿਫ਼ਤਾਰੀ ਨੇ ਪਾਰਟੀ ਦੇ ਨਸ਼ਾ ਤਸਕਰੀ ਨਾਲ ਡੂੰਘੇ ਸੰਬੰਧਾਂ ਨੂੰ ਬੇਨਕਾਬ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਨੂੰ ਸਾਲਾਂ ਤੋਂ ਲੱਗੇ ਨਸ਼ਿਆਂ ਦੇ ਕੋਹੜ ਵਿੱਚ ਇਸ ਦੀ ਭੂਮਿਕਾ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾ ਦਾਅਵਾ ਕੀਤਾ ਕਿ ਜਿੱਥੇ ਪਹਿਲਾਂ ਨਸ਼ਾ ਤਸਕਰ ਭਾਜਪਾ ਦੀ ਸਿਆਸੀ ਸਰਪ੍ਰਸਤੀ ਹੇਠ ਕੰਮ ਕਰਦੇ ਸਨ, ਉਥੇ ਹੁਣ ਨਸ਼ਿਆਂ ਨਾਲ ਸੰਬੰਧਤ ਮਾਮਲਿਆਂ ਵਿੱਚ ਭਾਜਪਾ ਦੇ ਆਗੂ ਅਤੇ ਅਹੁਦੇਦਾਰ ਖੁਦ ਫੜੇ ਜਾ ਰਹੇ ਹਨ।ਸੀਨੀਅਰ ਆਪ ਆਗੂ ਨੇ ਕਿਹਾ ਕਿ ਭਾਜਪਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਗੁਜਰਾਤ ਦੇ ਰਸਤੇ ਵਾਰ-ਵਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਕਿਉਂ ਬਰਾਮਦ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾ ਯਾਦ ਦਿਵਾਇਆ ਕਿ ਇਹ ਅਕਾਲੀ-ਭਾਜਪਾ ਦੇ ਸ਼ਾਸਨਕਾਲ ਦੌਰਾਨ ਹੀ ਸੀ, ਜਦੋਂ ਪੰਜਾਬ ਭਰ ਵਿੱਚ ਚਿੱਟਾ ਫੈਲਿਆ ਅਤੇ ਸੂਬੇ ਨੂੰ ਹਨੇਰੇ ਵਿੱਚ ਧੱਕ ਦਿੱਤਾ ਗਿਆ। ਚੀਮਾ ਨੇ ਕਿਹਾ ਕਿ ਜੇਕਰ ਕੋਈ ਵੀ ਭਾਜਪਾ ਆਗੂ, ਅਹੁਦੇਦਾਰ ਜਾਂ ਸਮਰਥਕ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਪੰਜਾਬ ਪੁਲਸ ਸਖ਼ਤ ਕਾਰਵਾਈ ਕਰੇਗੀ ਅਤੇ ਉਨ੍ਹਾਂ ਨੂੰ ਜੇਲ੍ਹ ਭੇਜੇਗੀ। ਮਾਨ ਸਰਕਾਰ ਵਿੱਚ ਕਾਨੂੰਨ ਸਭ ਲਈ ਬਰਾਬਰ ਹੈ।