ਵਿੰਨੀਪੈੱਗ : ਕੈਨੇਡਾ ਸਰਕਾਰ ਨੇ ‘ਲਾਸਟ ਕੈਨੇਡੀਅਨ’ ਕਾਨੂੰਨ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ ਹੈ, ਜਿਸ ਕਾਰਨ ਹਜ਼ਾਰਾਂ ਪ੍ਰਭਾਵਿਤ ਵਿਅਕਤੀਆਂ ਵਿੱਚ ਅਨਿਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ਕੈਨੇਡੀਅਨ ਪੂਰਵਜ ਹੋਣ ਦੇ ਅਧਾਰ ‘ਤੇ ਨਾਗਰਿਕਤਾ ਸਰਟੀਫਿਕੇਟ ਲਈ ਸਫਲਤਾਪੂਰਵਕ ਅਰਜ਼ੀ ਦੇਣ ਅਤੇ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਸ਼ਨੀਵਾਰ ਨੂੰ ਈ-ਮੇਲ ਕੀਤੇ ਗਏ ਇੱਕ ਨੋਟਿਸ ਵਿੱਚ ਇਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਉਨ੍ਹਾਂ ਨੂੰ ਆਪਣੀਆਂ ਫਾਈਲਾਂ ਦੀ ਸਮੀਖਿਆ ਹੋਣ ਤੱਕ ਆਪਣੇ ਸਰਟੀਫਿਕੇਟ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਈ-ਮੇਲ ਸੁਨੇਹਿਆਂ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਨਾਗਰਿਕਤਾ ਸਰਟੀਫਿਕੇਟਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਇਹ ਸਰਟੀਫਿਕੇਟ ਵਾਪਸ ਕਰਨੇ ਪੈਣਗੇ। ਕੈਨੇਡੀਅਨ ਨਾਗਰਿਕਤਾ ਰਜਿਸਟਰਾਰ ਪੈਗੀ ਸਨ ਵੱਲੋਂ ਜਾਰੀ ਨੋਟਿਸ ਮੁਤਾਬਕ ਵਿਭਾਗ ਕੋਲ ਅਜਿਹੀ ਜਾਣਕਾਰੀ ਮੌਜੂਦ ਹੈ, ਜਿਸ ਨਾਲ ਇਹ ਸ਼ੱਕ ਪੈਦਾ ਹੋਇਆ ਹੈ ਕਿ ਕੁਝ ਲੋਕ ਨਾਗਰਿਕਤਾ ਸਰਟੀਫਿਕੇਟ ਰੱਖਣ ਦੇ ਯੋਗ ਨਹੀਂ ਹੋ ਸਕਦੇ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕਈ ਅਰਜ਼ੀਆਂ ਨਾਲ ਜਨਮ, ਵੰਸ਼ਾਵਲੀ ਜਾਂ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਰਕਾਰੀ ਕਾਪੀਆਂ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਕੀਤੇ ਗਏ ਯਤਨਾਂ ਦੇ ਸਬੂਤ ਨਹੀਂ ਦਿੱਤੇ ਗਏ ਸਨ। ਇਸ ਕਾਰਨ ਸਰਟੀਫਿਕੇਟਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕੀਤਾ ਗਿਆ ਹੈ। ਹਾਲਾਂਕਿ ਪ੍ਰਭਾਵਿਤ ਵਿਅਕਤੀਆਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਕਾਨੂੰਨ ਨਾਲ ਜੁੜੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਵੱਡੇ ਪੱਧਰ ‘ਤੇ ਕੀਤੀ ਗਈ ਕਾਰਵਾਈ ਜਾਪਦੀ ਹੈ, ਭਾਵੇਂ ਅਜੇ ਤੱਕ ਪ੍ਰਭਾਵਿਤ ਲੋਕਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ। ਅਮਰੀਕਾ ਦੇ ਮੇਨ ਸੂਬੇ ਦੇ ਬਕਸਪੋਰਟ ਸ਼ਹਿਰ ਦੀ ਵਸਨੀਕ ਵੈਲੇਰੀ ਕੈਂਪਬੈੱਲ ਨੇ ਇਸ ਫ਼ੈਸਲੇ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਕੈਂਪਬੈੱਲ ਅਤੇ ਉਸ ਦੇ ਪੁੱਤਰ ਮੋਰਗਨ ਨੂੰ ਕਿਊਬਿਕ ਅਤੇ ਓਨਟਾਰੀਓ ਨਾਲ ਜੁੜੇ ਆਪਣੇ ਪਰਵਾਰਕ ਵੰਸ਼ ਦੇ ਆਧਾਰ ‘ਤੇ ਕੈਨੇਡੀਅਨ ਨਾਗਰਿਕਤਾ ਮਿਲੀ ਸੀ। ਮਾਰਚ ਮਹੀਨੇ ਵਿੱਚ ਨਾਗਰਿਕਤਾ ਸਰਟੀਫਿਕੇਟ ਮਿਲਣ ਤੋਂ ਬਾਅਦ ਉਸ ਨੇ ਆਪਣਾ ਘਰ ਵੇਚਣ ਲਈ ਰੱਖ ਦਿੱਤਾ ਸੀ ਅਤੇ ਨਿਊ ਬ੍ਰੰਜ਼ਵਿਕ ਜਾਂ ਨੋਵਾ ਸਕੋਸ਼ੀਆ ਵਿੱਚ ਵੱਸਣ ਦੀ ਯੋਜਨਾ ਬਣਾਈ ਸੀ। ਮੁਅੱਤਲੀ ਦਾ ਨੋਟਿਸ ਮਿਲਣ ਤੋਂ ਬਾਅਦ ਉਸ ਨੇ ਕਿਹਾ ਕਿ ਉਹ ”ਪੂਰੀ ਤਰ੍ਹਾਂ ਸਦਮੇ ਵਿੱਚ” ਹੈ। ਉਲੇਖਯੋਗ ਹੈ ਕਿ ਸੰਸਦ ਵੱਲੋਂ ਨਵੰਬਰ 2025 ਵਿੱਚ ਪਾਸ ਕੀਤੇ ਗਏ ਬਿੱਲ ਸੀ-3 ਦੇ ਲਾਗੂ ਹੋਣ ਮਗਰੋਂ ਦੁਨੀਆ ਭਰ ਦੇ ਕਰੀਬ 4,075 ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇ ਸਬੂਤ ਵਜੋਂ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਲੱਗਭੱਗ ਅੱਧੇ ਲੋਕ ਅਮਰੀਕਾ ਵਿੱਚ ਜਨਮੇ ਹੋਏ ਹਨ। ਬਿੱਲ ਸੀ-3 ਤਹਿਤ ਉਨ੍ਹਾਂ ਲੋਕਾਂ ਲਈ ਵੀ ਕੈਨੇਡੀਅਨ ਨਾਗਰਿਕਤਾ ਦਾ ਰਾਹ ਖੁੱਲ੍ਹਿਆ ਸੀ, ਜਿਨ੍ਹਾਂ ਦੇ ਪੂਰਵਜ ਕਈ ਪੀੜ੍ਹੀਆਂ ਪਹਿਲਾਂ ਕੈਨੇਡਾ ਛੱਡ ਕੇ ਵਿਦੇਸ਼ਾਂ ਵਿੱਚ ਵੱਸ ਗਏ ਸਨ। ਇਸ ਤੋਂ ਪਹਿਲਾਂ ਵਿਦੇਸ਼ ਵਿੱਚ ਜਨਮੇ ਜਾਂ ਗੋਦ ਲਏ ਬੱਚਿਆਂ ਲਈ ਨਾਗਰਿਕਤਾ ਦਾ ਹੱਕ ਸਿਰਫ਼ ਪਹਿਲੀ ਪੀੜ੍ਹੀ ਤੱਕ ਸੀਮਿਤ ਸੀ।




