ਕਰਨਾਲ : ਪਾਣੀਪਤ ਦੇ ਸਭ ਤੋਂ ਵਿਅਸਤ ਫਲਾਈਓਵਰ ‘ਤੇ ਇੱਕ ਸੋਸ਼ਲ ਮੀਡੀਆ ਸਟੰਟ ਉਸ ਸਮੇਂ ਹਫੜਾ-ਦਫੜੀ ਵਿੱਚ ਬਦਲ ਗਿਆ ਜਦੋਂ ਇੱਕ ਵਿਅਕਤੀ ਨੇ ਵਾਇਰਲ ਰੀਲ ਬਣਾਉਣ ਲਈ ਨੈਸ਼ਨਲ ਹਾਈਵੇ-44 ਦੇ ਉੱਪਰੋਂ ਕਰੰਸੀ ਨੋਟ ਸੁੱਟ ਦਿੱਤੇ। ਇਸ ਘਟਨਾ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੂੰ ਕਾਰਵਾਈ ਕਰਨੀ ਪਈ। ਸਿਟੀ ਪੁਲੀਸ ਪਾਣੀਪਤ ਅਨੁਸਾਰ ਇਹ ਘਟਨਾ ਪਾਣੀਪਤ ਵਿੱਚ ਦਿੱਲੀ-ਅੰਬਾਲਾ ਐੱਨ ਐੱਚ-44 ਉੱਤੇ ਸਥਿਤ ਇੱਕ ਫਲਾਈਓਵਰ ‘ਤੇ ਵਾਪਰੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਫਲਾਈਓਵਰ ਦੀ ਰੇਲਿੰਗ ਨੇੜੇ ਖੜ੍ਹੇ ਹੋ ਕੇ ਹੇਠਾਂ ਸੜਕ ‘ਤੇ ਜ਼ਿਆਦਾਤਰ 10-10 ਰੁਪਏ ਦੇ ਨੋਟ ਸੁੱਟਦੇ ਹੋਏ ਦਿਖਾਇਆ ਗਿਆ ਹੈ। ਇਸ ਦੌਰਾਨ ਫਲਾਈਓਵਰ ‘ਤੇ ਉਸ ਦੇ ਨਾਲ 10 ਤੋਂ 12 ਸਾਲ ਦੇ ਕੁਝ ਬੱਚੇ ਵੀ ਨਜ਼ਰ ਆਏ। ਜਿਵੇਂ ਹੀ ਨੋਟ ਐਨ ਐਚ-44 ਦੀ ਸਰਵਿਸ ਲੇਨ ‘ਤੇ ਡਿੱਗੇ, ਪੈਦਲ ਯਾਤਰੀਆਂ, ਵਾਹਨ ਚਾਲਕਾਂ, ਆਟੋ-ਰਿਕਸ਼ਾ ਡਰਾਈਵਰਾਂ ਅਤੇ ਰਾਹਗੀਰਾਂ ਨੇ ਨਕਦੀ ਇਕੱਠੀ ਕਰਨ ਲਈ ਭੱਜ-ਦੌੜ ਮਚਾ ਦਿੱਤੀ। ਕਈ ਲੋਕਾਂ ਨੇ ਆਪਣੇ ਵਾਹਨ ਸੜਕ ਦੇ ਵਿਚਕਾਰ ਰੋਕ ਦਿੱਤੇ ਅਤੇ ਡਿੱਗਦੇ ਨੋਟਾਂ ਵੱਲ ਦੌੜ ਪਏ, ਜਿਸ ਨਾਲ ਆਵਾਜਾਈ ਜਾਮ ਹੋ ਗਈ। ਖੁਸ਼ਕਿਸਮਤੀ ਨਾਲ, ਜੋਖਮ ਭਰੀਆਂ ਸਥਿਤੀਆਂ ਦੇ ਬਾਵਜੂਦ ਕਿਸੇ ਦੁਰਘਟਨਾ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।





