ਊਧਵ ਠਾਕਰੇ ਨੂੰ ਵੱਡਾ ਧੱਕਾ

0
13

ਨਵੀਂ ਦਿੱਲੀ : ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਪਾਰਟੀ ਸ਼ਿਵਸੈਨਾ (ਯੂ ਬੀ ਟੀ) ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਲੱਗਾ, ਜਦੋਂ ਉਸ ਦੇ 9 ਵਿੱਚੋਂ 6 ਲੋਕ ਸਭਾ ਮੈਂਬਰਾਂ ਨੇ ਬਗਾਵਤ ਕਰਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵਸੈਨਾ ਵਿੱਚ ਸ਼ਾਮਲ ਹੋਣ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਚਿੱਠੀ ਭੇਜੀ। ਇਸ ਬਗਾਵਤ ਦੇ ਬਾਅਦ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਜਦੋਂ ਮੀਡੀਆ ਨੇ ਇਸ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਵਿੱਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਹਨ। ਸ਼ਿਵਸੈਨਾ ਵਿੱਚ 4 ਸਾਲਾਂ ਦੇ ਅੰਦਰ ਇਹ ਦੂਜਾ ਵੱਡਾ ਪਾੜ ਹੈ। ਜੂਨ 2022 ਵਿੱਚ ਸ਼ਿੰਦੇ ਦੀ ਅਗਵਾਈ ਵਿੱਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਕਾਰਨ ਊਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਅਤੇ ਬਾਅਦ ਵਿੱਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵਸੈਨਾ ਦਾ ਨਾਂਅ ਅਤੇ ‘ਧਨੁਸ਼-ਬਾਣ’ ਦਾ ਚੋਣ ਨਿਸ਼ਾਨ ਮਿਲਿਆ ਸੀ। ਰਾਊਤ ਨੇ ਦਾਅਵਾ ਕੀਤਾ ਕਿ ਬਾਗੀ ਸੰਸਦ ਮੈਂਬਰਾਂ ਨੂੰ ਖਰੀਦਣ ਲਈ 50-50 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ ਹੈ। 15-15 ਕਰੋੜ ਰੁਪਏ ਪਹੁੰਚਾਏ ਵੀ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ 3 ਵਿਸ਼ੇਸ਼ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਂਦਾ ਗਿਆ ਹੈ।