ਦੇਹਰਾਦੂਨ (ਨ ਜ਼ ਸ)
ਨੀਟ ਦੀ ਪ੍ਰੀਖਿਆਰਥਣ 23 ਸਾਲਾ ਰੀਆ ਕੁਮਾਰੀ ਨੇ ਮੰਗਲਵਾਰ ਸਵੇਰੇ ਦੇਹਰਾਦੂਨ ਦੇ ਚੰਦਰਬਣੀ ਖੇਤਰ ਵਿੱਚ ਆਪਣੇ ਘਰ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਰੀਆ ਨੇ 12ਵੀਂ ਜਮਾਤ ਵਿੱਚ 96.7 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ ਅਤੇ ਬਾਅਦ ਵਿੱਚ ਕਾਲਜ ਟਾਪਰ ਬਣੀ। ਉਹ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ 21 ਜੂਨ ਨੂੰ ਹੋਣ ਵਾਲੀ ਦੁਬਾਰਾ ਪ੍ਰੀਖਿਆ ਨੂੰ ਲੈ ਕੇ ਕਥਿਤ ਤੌਰ ‘ਤੇ ਤਣਾਅ ਵਿੱਚ ਸੀ। ਅਧਿਕਾਰੀਆਂ ਮੁਤਾਬਕ ਮੌਕੇ ਤੋਂ ਬਰਾਮਦ ਹੋਏ ਇੱਕ ਸੁਸਾਈਡ ਨੋਟ ਵਿੱਚ ਉਸ ਨੇ ਲਿਖਿਆ, ‘ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਪਾਪਾ; ਮੈਨੂੰ ਮਾਫ ਕਰਨਾ। ਇਹ ਕਿਸੇ ਦੀ ਗਲਤੀ ਕਾਰਨ ਨਹੀਂ; ਇਹ ਮੇਰੀ ਅਯੋਗਤਾ ਕਾਰਨ ਹੈ।’ ਸਰਕਲ ਅਫਸਰ ਥਾਣਾ ਸਦਰ ਅੰਕਿਤ ਕੰਧਾਰੀ ਨੇ ਕਿਹਾ, ‘ਪਟੇਲ ਨਗਰ ਥਾਣੇ ਵਿੱਚ ਰਿਪੋਰਟ ਮਿਲੀ ਸੀ ਕਿ ਚੰਦਰਮਣੀ ਵਿੱਚ ਰੀਆ ਨਾਂਅ ਦੀ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਵੇਰੇ 10.30 ਵਜੇ ਦੇ ਕਰੀਬ ਜਦੋਂ ਉਸ ਦੀ ਮਾਂ ਉਸ ਨੂੰ ਨਾਸ਼ਤੇ ਲਈ ਬੁਲਾ ਰਹੀ ਸੀ, ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਤਾ ਲੱਗਾ ਕਿ ਉਸ ਨੇ ਫਾਹਾ ਲੈ ਲਿਆ ਹੈ। ਪਿਆਰ ਅਤੇ ਮੁਆਫੀ ਦਾ ਪ੍ਰਗਟਾਵਾ ਕਰਨ ਵਾਲਾ ਛੋਟਾ ਜਿਹਾ ਸੁਸਾਈਡ ਨੋਟ ਮਿਲਣ ਦੇ ਬਾਵਜੂਦ ਕੁੜੀ ਵਿੱਚ ਡਿਪਰੈਸ਼ਨ ਜਾਂ ਵਿਵਹਾਰ ਵਿੱਚ ਤਬਦੀਲੀਆਂ ਦੇ ਕੋਈ ਪਹਿਲਾਂ ਕੋਈ ਸੰਕੇਤ ਨਹੀਂ ਮਿਲੇ ਸਨ।’ ਜਿੱਥੋਂ ਤੱਕ ਮਾਪਿਆਂ ਦਾ ਸਵਾਲ ਹੈ, ਉਨ੍ਹਾਂ ਕਿਹਾ ਕਿ ਕੁੜੀ ਉਸ ਰਾਤ ਉਨ੍ਹਾਂ ਨਾਲ ‘ਜਾਗਰਣ’ ‘ਤੇ ਗਈ ਸੀ। ਕਿਉਂਕਿ ਉਹ ਦੇਰ ਰਾਤ ਪੜ੍ਹਦੀ ਸੀ, ਇਸ ਲਈ ਉਹ ਸਵੇਰੇ ਦੇਰ ਨਾਲ ਉੱਠੀ। ਇਹ ਇੱਕ ਆਮ ਰੁਟੀਨ ਸੀ, ਉਸ ਦੀ ਰੁਟੀਨ ਜਾਂ ਵਿਹਾਰ ਵਿੱਚ ਤਬਦੀਲੀਆਂ ਬਾਰੇ ਕੋਈ ਪ੍ਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਨਹੀਂ ਆਏ। ਉਹ ਆਪਣੇ ਮਾਪਿਆਂ ਅਤੇ ਭੈਣ-ਭਰਾਵਾਂ ਨਾਲ ਰਹਿੰਦੀ ਸੀ। ਕਾਰਨ ਦੇ ਤੌਰ ‘ਤੇ ਉਸ ਨੇ ਇੱਕ ਸੁਸਾਈਡ ਨੋਟ ਛੱਡਿਆ, ਜਿਸ ਵਿੱਚ ਉਸ ਨੇ ‘ਆਈ ਲਵ ਯੂ’ ਅਤੇ ‘ਮਾਫ ਕਰਨਾ’ ਨਾਲ ਸਿਰਫ ਚਾਰ ਜਾਂ ਪੰਜ ਲਾਈਨਾਂ ਲਿਖੀਆਂ।
ਇਸ ਤੋਂ ਇਲਾਵਾ ਮਾਪਿਆਂ ਅਤੇ ਗੁਆਂਢੀਆਂ ਨਾਲ ਗੱਲ ਕਰਨ ਤੋਂ ਬਾਅਦ ਹੁਣ ਤੱਕ ਅਜਿਹਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ। ਰੀਆ ਦੇ ਪਿਤਾ ਸੇਵਾਮੁਕਤ ਫੌਜੀ ਹਨ। ਪਰਵਾਰ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਅਤੇ ਮੰਗਲਵਾਰ ਨੂੰ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਇਲਾਕੇ ਦੇ ਪੁਲਸ ਚੌਕੀ ਇੰਚਾਰਜ ਜੈਵੀਰ ਸਿੰਘ ਨੇ ਕਿਹਾ ਕਿ ਉਹ ਕਈ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ ਅਤੇ ਘੰਟਿਆਂਬੱਧੀ ਆਪਣੇ ਕਮਰੇ ਵਿੱਚ ਰਹਿੰਦੀ ਸੀ।




