ਕੈਨਸਸ ਸਿਟੀ (ਨ ਜ਼ ਸ)-ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਬੁੱਧਵਾਰ ਆਪਣੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ ਬਣਾਈ। ਉਸ ਨੇ ਆਪਣਾ ਪਹਿਲਾ ਫੀਫਾ ਵਿਸ਼ਵ ਕੱਪ ਮੈਚ 17 ਜੂਨ, 2006 ਨੂੰ ਖੇਡਿਆ ਸੀ। 39 ਸਾਲਾ ਮੈਸੀ ਨੇ ਅਲਜੀਰੀਆ ਵਿਰੁੱਧ 17ਵੇਂ, 60ਵੇਂ ਅਤੇ 76ਵੇਂ ਮਿੰਟ ਵਿੱਚ ਗੋਲ ਕੀਤੇ। ਉਹ 78 ਮਿੰਟ ਬਾਅਦ ਮੈਦਾਨ ਛੱਡ ਕੇ ਚਲਾ ਗਿਆ। ਮੈਸੀ ਦੇ ਜ਼ਬਰਦਸਤ ਪ੍ਰਦਰਸ਼ਨ ਨੇ ਅਰਜਨਟੀਨਾ ਨੂੰ ਗਰੁੱਪ ‘ਜੇ’ ਦੇ ਮੈਚ ਵਿੱਚ ਅਲਜੀਰੀਆ ਨੂੰ 3-0 ਨਾਲ ਹਰਾਉਣ ਵਿੱਚ ਮਦਦ ਕੀਤੀ। ਮੈਸੀ ਨੇ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ 16 ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕੀਤੀ, ਜੋ ਪਹਿਲਾਂ ਜਰਮਨੀ ਦੇ ਮਿਰੋਸਲਾਵ ਕਲੋਜ਼ ਦੇ ਨਾਂਅ ਸੀ। ਮੈਸੀ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਪੰਜ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲਾ ਦੁਨੀਆ ਦਾ ਦੂਜਾ ਫੁੱਟਬਾਲਰ ਬਣ ਗਿਆ ਹੈ। ਮੈਸੀ ਆਪਣੇ ਕੈਰੀਅਰ ਦਾ ਰਿਕਾਰਡ ਛੇਵਾਂ ਵਿਸ਼ਵ ਕੱਪ ਖੇਡ ਰਿਹਾ ਹੈ। ਉਸ ਨੇ 20 ਸਾਲ ਪਹਿਲਾਂ ਇਸੇ ਦਿਨ ਸਰਬੀਆ ਅਤੇ ਮੋਂਟੇਨੇਗਰੋ ਵਿਰੁੱਧ ਮੈਚ ਵਿੱਚ ਆਪਣਾ ਵਿਸ਼ਵ ਕੱਪ ਡੈਬਿਊ ਕੀਤਾ ਸੀ। ਪੂਰੇ ਮੈਚ ਦੌਰਾਨ ਉਸਦੇ ਨਾਂਅ ਦੇ ਜੈਕਾਰੇ ਗੂੰਜਦੇ ਰਹੇ। ਮੈਸੀ ਦੀ ਪ੍ਰਾਪਤੀ ਨੇ ਉਸਨੂੰ ਇੱਕ ਵਾਰ ਫਿਰ ਫੁੱਟਬਾਲ ਇਤਿਹਾਸ ਦੇ ਮਹਾਨ ਖਿਡਾਰੀਆਂ ਬਾਰੇ ਬਹਿਸ ਦੇ ਕੇਂਦਰ ਵਿੱਚ ਲੈ ਆਂਦਾ ਹੈ।
ਸਾਨ ਫਰਾਂਸਿਸਕੋ ਵਿੱਚ ਖੇਡੇ ਗਏ ਮੈਚ ਵਿੱਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾਇਆ। ਇਹ 1990 ਤੋਂ ਬਾਅਦ ਉਨ੍ਹਾਂ ਦੀ ਪਹਿਲੀ ਫੀਫਾ ਵਿਸ਼ਵ ਕੱਪ ਜਿੱਤ ਹੈ। ਆਸਟਰੀਆ ਨੇ 1998 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਜਾਰਡਨ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਿਹਾ ਹੈ।
ਅਰਜਨਟੀਨਾ ਦਾ ਅਗਲਾ ਮੈਚ 22 ਜੂਨ ਨੂੰ ਆਸਟਰੀਆ ਨਾਲ ਹੈ। ਅਲਜੀਰੀਆ ਆਪਣੇ ਅਗਲੇ ਮੈਚ ਵਿੱਚ ਜਾਰਡਨ ਨਾਲ ਭਿੜੇਗਾ।
ਐਮਬਾਪੇ ਦੇ ਦੋ ਗੋਲਾਂ ਦੀ ਬਦੌਲਤ ਫਰਾਂਸ ਨੇ ਸੈਨੇਗਲ ਨੂੰ 3-1 ਨਾਲ ਹਰਾਇਆ। ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਨਿਊ ਜਰਸੀ ਵਿੱਚ ਖੇਡੇ ਗਏ ਮੈਚ ਵਿੱਚ ਦੋ ਗੋਲ ਕਰਕੇ ਫਰਾਂਸੀਸੀ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ।





