ਕਾਦੀਆਂ-ਬਿਆਸ ਰੇਲ ਪ੍ਰੋਜੈਕਟ ਨੂੰ ਹਰੀ ਝੰਡੀ

0
11

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੰਜਾਬ ਦੇ ਮਾਝਾ ਖੇਤਰ ਦੇ ਵਿਕਾਸ ਲਈ ਲੰਮੇ ਸਮੇਂ ਤੋਂ ਰੁਕੇ ਹੋਏ ਕਾਦੀਆਂ-ਬਿਆਸ ਨਵੇਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਸੁਰਜੀਤ ਕਰ ਦਿੱਤਾ ਹੈ। ਇਹ ਪ੍ਰੋਜੈਕਟ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਵੇਲੇ, ਯਾਨੀ ਲਗਪਗ 100 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਇੱਥੇ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਪ੍ਰੋਜੈਕਟ ਨੂੰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਨਵਾਂ 39.68 ਕਿਲੋਮੀਟਰ ਲੰਮਾ ਰੇਲਵੇ ਲਿੰਕ ਲਗਪਗ 1,400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਸ ਨੂੰ ਉੱਤਰੀ ਰੇਲਵੇ ਵੱਲੋਂ ਪੂਰਾ ਕੀਤਾ ਜਾਵੇਗਾ। ਇਹ ਮਾਝਾ ਖੇਤਰ ਦੀ ਆਰਥਿਕਤਾ, ਧਾਰਮਿਕ ਸੈਰ-ਸਪਾਟੇ ਅਤੇ ਖੇਤਰੀ ਵਿਕਾਸ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗਾ। ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਣਗੇ।
ਮੰਤਰੀ ਨੇ ਦੱਸਿਆ ਕਿ ਪ੍ਰਸਤਾਵਿਤ ਪ੍ਰੋਜੈਕਟ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਜੋੜੇਗਾ ਅਤੇ ਕਾਦੀਆਂ, ਧੰਦੋਈ, ਘੁਮਾਣ, ਬੁਤਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ ਵਿੱਚੋਂ ਦੀ ਗੁਜ਼ਰੇਗਾ।
ਇਸ ਨਾਲ ਮਾਝਾ ਇਲਾਕੇ ਦੇ ਬਹੁਤ ਸਾਰੇ ਹਿੱਸੇ ਰੇਲਵੇ ਲਾਈਨ ਨਾਲ ਜੁੜ ਜਾਣਗੇ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਆਉਣ-ਜਾਣ ਬਹੁਤ ਆਸਾਨ ਹੋ ਜਾਵੇਗਾ। ਇਸ ਪ੍ਰੋਜੈਕਟ ਦੇ ਤਹਿਤ ਆਧੁਨਿਕ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਯੋਜਨਾ ਹੈ, ਜਿਸ ਵਿੱਚ ਘੁਮਾਣ ਅਤੇ ਬੁਟਾਲਾ ਵਿਖੇ ਦੋ ਕਰਾਸਿੰਗ ਸਟੇਸ਼ਨ, 11 ਵੱਡੇ ਪੁਲ ਅਤੇ 121 ਛੋਟੇ ਪੁਲ, 54 ਰੋਡ ਅੰਡਰ ਬ੍ਰਿਜ, ਆਧੁਨਿਕ ਸਿਗਨਲ, ਦੂਰਸੰਚਾਰ ਪ੍ਰਣਾਲੀ ਅਤੇ ‘ਕਵਚ’ ਸੁਰੱਖਿਆ ਪ੍ਰਣਾਲੀ ਦੀ ਤਾਇਨਾਤੀ ਸ਼ਾਮਲ ਹੈ।