ਸਿੱਖਿਆ ਮੰਤਰੀ ਦੇ ਅਸਤੀਫੇ ਤੱਕ ਪ੍ਰਦਰਸ਼ਨ ਰਹੇਗਾ ਜਾਰੀ : ਦੀਪਕੇ

0
1

ਨਵੀਂ ਦਿੱਲੀ : ਦਿੱਲੀ ਪੁਲਸ ਨੇ ਕਾਕਰੋਚ ਜਨਤਾ ਪਾਰਟੀ ਨੂੰ ਸ਼ਨੀਵਾਰ ਜੰਤਰ-ਮੰਤਰ ‘ਤੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਭਾਵੇਂ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਹੈ ਕਿ ਉਹ ਸਿੱਖਿਆ ਮੰਤਰੀ ਦੇ ਅਸਤੀਫਾ ਦੇਣ ਤੱਕ ਇਥੋਂ ਨਹੀਂ ਹਿੱਲਣਗੇ। ਪੁਲਸ ਨੇ ਸੀ ਜੇ ਪੀ ਸਮਰਥਕਾਂ ਨੂੰ ਜੰਤਰ ਮੰਤਰ ਵਾਲੀ ਜਗ੍ਹਾ ਨੂੰ ਖਾਲੀ ਕਰਨ ਲਈ ਕਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਲੋਕ ਕਥਿਤ ਪ੍ਰੀਖਿਆ ਬੇਨਿਯਮੀਆਂ, ਵਾਰ-ਵਾਰ ਪੇਪਰ ਲੀਕ ਹੋਣ ਅਤੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀਪਕੇ ਨੇ ਸਮਰਥਕਾਂ ਨੂੰ ਜੰਤਰ-ਮੰਤਰ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਤੇ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਪੁਲਸ ਪ੍ਰਦਰਸ਼ਨ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਵੇਗੀ। ਦੀਪਕੇ ਨੇ ਕਿਹਾ, ‘ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ…ਕਿਉਂਕਿ ਦੇਸ਼ ਭਰ ਦੇ ਨੌਜਵਾਨ ਇੱਥੇ ਹਨ। ਉਹ ਇੱਥੇ ਬੈਠਣਾ ਚਾਹੁੰਦੇ ਹਨ, ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ। ਮੈਂ ਦਿੱਲੀ ਪੁਲਸ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਵਧਾਉਣ ਦੀ ਬੇਨਤੀ ਕਰਦਾ ਹਾਂ। ਵਿਰੋਧ ਪ੍ਰਦਰਸ਼ਨ ਸ਼ਾਂਤਮਈ ਹੈ, ਅਸੀਂ ਸਿਰਫ਼ ਮਾਸੂਮ ਵਿਦਿਆਰਥੀ ਹਾਂ, ਜੋ ਇੱਥੇ ਬੈਠਣਾ ਚਾਹੁੰਦੇ ਹਾਂ।’ ਯੂਥ ਨੇਤਾ ਨੇ ਕਿਹਾ ਕਿ ਗੱਲਬਾਤ ਦਾ ਰਸਤਾ ਖੁੱਲ੍ਹਾ ਹੈ, ਪਰ ਇਕੋ ਸ਼ਰਤ ਇਹ ਹੈ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦੇ ਦੇਣ । ਉਨ੍ਹਾ ਦਿੱਲੀ ਪੁਲਸ ਨੂੰ ਕੇਂਦਰ ਨਾਲ ਗੱਲਬਾਤ ਖੋਲ੍ਹਣ ਦੀ ਵੀ ਬੇਨਤੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਗ੍ਰਿਫਤਾਰੀਆਂ ਹੁੰਦੀਆਂ ਹਨ, ਤਾਂ ਮੈਂ ਸਭ ਤੋਂ ਪਹਿਲਾਂ ਗ੍ਰਿਫਤਾਰੀ ਦੇਣ ਵਾਲਾ ਵਿਅਕਤੀ ਹੋਵਾਂਗਾ। ਸਿੱਖਿਆ ਸੁਧਾਰ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ਸ਼ਨੀਵਾਰ ਨੂੰ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੁਆਰਾ ਆਯੋਜਿਤ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏੇ । ਵਾਂਗਚੁਕ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਉਮੀਦਵਾਰਾਂ ਦੀਆਂ ਤਸਵੀਰਾਂ ਅੱਗੇ ਫੁੱਲ ਭੇਟ ਕਰਕੇ ਕੀਤੀ, ਜੋ ਨੀਟ ਪੇਪਰ ਲੀਕ ਹੋਣ ਕਾਰਨ ਪ੍ਰੀਖਿਆ ਰੱਦ ਹੋ ਜਾਣ ਦੇ ਸਿੱਟੇ ਵਜੋਂ ਖੁਦਕੁਸ਼ੀਆਂ ਕਰ ਗਏ ਸਨ। ਆਪਣੇ ਭਾਸ਼ਣ ਦੌਰਾਨ ਮਹਾਤਮਾ ਗਾਂਧੀ ਅਤੇ ਭਗਵਾਨ ਰਾਮ ਨੂੰ ਯਾਦ ਕਰਦੇ ਹੋਏ ਵਾਂਗਚੁਕ ਨੇ ਹਵਾਲਾ ਦਿੱਤਾ, ‘ਰਘੂ ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ।’ ਉਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਅਤੇ ਸਿਧਾਂਤਕ ਸਰਗਰਮੀ ਪ੍ਰਤੀ ਵਚਨਬੱਧ ਰਹਿਣ ਦੀ ਅਪੀਲ ਕੀਤੀ। ਉਹਨਾ ਕਿਹਾ, ‘ਸਾਨੂੰ ਜਵਾਬਦੇਹੀ ਲਿਆਉਣੀ ਪਵੇਗੀ। ਇਹ ਅੰਦੋਲਨ ਸਰਕਾਰ ਤੋਂ ਸਵਾਲ ਪੁੱਛਣ ਬਾਰੇ ਹੈ।’