ਪੰਜਾਬ ਕਾਂਗਰਸ ਦਾ ਪ੍ਰਧਾਨ ਰੰਧਾਵਾ ਨੂੰ ਬਣਾਉਣ ਦਾ ਫਰਜ਼ੀ ਪੱਤਰ ਵਾਇਰਲ

0
13

ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਐਤਵਾਰ ਸ਼ਾਮ ਇਕ ਫਰਜ਼ੀ ਪੱਤਰ ਜਾਰੀ ਹੋਇਆ ਜਿਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ (ਏ ਆਈ ਸੀ ਸੀ) ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ ਪੀ ਸੀ ਸੀ) ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿਚ ਏ ਆਈ ਸੀ ਸੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੱਲੋਂ ਪੱਤਰ ਜਾਰੀ ਹੋਣ ਬਾਰੇ ਕਿਹਾ ਗਿਆ ਪਰ ਇਸ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ। ਰੰਧਾਵਾ ਨੇ ਆਪ ਕਿਹਾ ਕਿ ਇਹ ਪੱਤਰ ਫਰਜ਼ੀ ਹੈ ਤੇ ਕਿਸੇ ਨੇ ਸ਼ਰਾਰਤ ਕੀਤੀ ਹੈ।
ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਨੇ ਐਤਵਾਰ ਨੂੰ ਪੰਜਾਬ ਕਾਂਗਰਸ ਦੇ ਚੋਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ। ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਾਰਟੀ ਕੋਲ ਜਿੱਤਣ ਦਾ ਬਹੁਤ ਵਧੀਆ ਮੌਕਾ ਹੈ।
ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਨੇ ਸੋਨੀਆ ਗਾਂਧੀ ਦੇ ਨਿਵਾਸ ਸਥਾਨ 10, ਜਨਪਥ ‘ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਬਾਜਵਾ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ‘ਮੈਂ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ ਕਿ ਪਾਰਟੀ ਲਈ ਸਭ ਤੋਂ ਵਧੀਆ ਕੀ ਹੈ, ਅਤੇ ਮੈਂ ਕਿਹਾ ਹੈ ਕਿ ਤੁਸੀਂ (ਰਾਹੁਲ ਗਾਂਧੀ) ਜੋ ਵੀ ਫੈਸਲਾ ਲਓਗੇ, ਅਸੀਂ ਉਸ ‘ਤੇ ਕਾਇਮ ਰਹਾਂਗੇ। ਅਸੀਂ ਕਾਂਗਰਸ ਦੇ ਵਚਨਬੱਧ ਸਿਪਾਹੀ ਹਾਂ। ਸਾਡੇ ਪਰਿਵਾਰਾਂ ਨੇ ਪੰਜਾਬ ਦੇ ਹਿੱਤ ਲਈ, ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ ਹਨ।” ਬਾਜਵਾ ਨੇ ਹੋਰ ਕਿਹਾ ਕਿ ਲੀਡਰਸ਼ਿਪ ਦਾ ਫੈਸਲਾ ਰਾਹੁਲ ਕੋਲ ਹੈ, ਉਹ ਕੋਈ ਵੀ ਅਹੁਦਾ ਦੇਵੇ ਜਾਂ ਨਾ ਦੇਵੇ, ਅਸੀਂ ਉਸ ਦੇ ਨਾਲ ਖੜ੍ਹੇ ਹਾਂ।
ਰਾਹੁਲ ਗਾਂਧੀ ਨੇ ਪੰਜਾਬ ਦੇ ਕਾਂਗਰਸ ਆਗੂਆਂ ਨਾਲ ਇਕੱਲੇ-ਇਕੱਲੇ ਨਾਲ ਗੱਲਬਾਤ ਕੀਤੀ। ਇਸ ਮਹੀਨੇ ਦੇ ਸ਼ੁਰੂ ਵਿੱਚ, ਕਾਂਗਰਸ ਨੇ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੂੰ ਪੰਜਾਬ ਦੇ ਮੌਜੂਦਾ ਰਾਜਨੀਤਿਕ ਮਾਹੌਲ ਦਾ ਮੁਲਾਂਕਣ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਨਿਗਰਾਨ ਵਜੋਂ ਨਾਮਜ਼ਦ ਕੀਤਾ ਸੀ।