ਗੈਸ ਲੀਕ ਹੋਣ ਨਾਲ 7 ਮਜ਼ਦੂਰ ਬੀਬੀਆਂ ਦੀ ਮੌਤ, 67 ਗੰਭੀਰ

0
4

ਚੇਨਈ : ਤਾਮਿਲਨਾਡੂ ਦੇ ਇੱਕ ਸੀ-ਫੂਡ ਐਕਸਪੋਰਟ ਯੂਨਿਟ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ 7 ਔਰਤਾਂ ਦੀ ਮੌਤ ਹੋ ਗਈ ਹੈ, ਜਦ ਕਿ 67 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਸੱਤ ਲੋਕ ਵੈਂਟੀਲੇਟਰ ‘ਤੇ ਹਨ।
ਇਹ ਘਟਨਾ ਪੇਰੀਆਪਾਲਯਮ ਦੇ ਕੋਲ ਮੰਜਨਗਾਰਨਈ ਵਿੱਚ ਸਥਿਤ ‘ਸੇਂਟ ਪੀਟਰਸ ਐਂਡ ਪੌਲ ਸੀ-ਫੂਡਸ ਐਕਸਪੋਰਟਸ’ ਫੈਸਿਲਿਟੀ ਵਿੱਚ ਵਾਪਰੀ। ਪ੍ਰਭਾਵਤ ਕਰਮਚਾਰੀ ਜ਼ਿਆਦਾਤਰ ਉਤਰੀ ਰਾਜਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਸਾਰਿਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ। ਜਿਨ੍ਹਾਂ ਲੋਕਾਂ ਵਿੱਚ ਚੱਕਰ ਆਉਣ ਜਾਂ ਉਲਟੀ ਆਉਣ ਵਰਗੇ ਲੱਛਣ ਦੇਖੇ ਗਏ, ਉਨ੍ਹਾਂ ਨੂੰ ਵੀ ਇਲਾਜ ਲਈ ਭੇਜਿਆ ਗਿਆ ਹੈ। ਥਿਰੂਵਲੂਰ ਦੇ ਜ਼ਿਲ੍ਹਾ ਕੁਲੈਕਟਰ (ਡੀ ਸੀ) ਐੱਸ ਕਵਿਤਾ ਨੇ ਦੱਸਿਆ ਕਿ ਪ੍ਰਭਾਵਤ ਹੋਏ ਕੁੱਲ 67 ਮਜ਼ਦੂਰਾਂ ਨੂੰ ਤੁਰੰਤ ਸਥਾਨਕ ਮੈਡੀਕਲ ਕੇਂਦਰਾਂ ਵਿੱਚ ਪਹੁੰਚਾਇਆ ਗਿਆ। ਉਨ੍ਹਾ ਮੁਤਾਬਕ 46 ਮਜ਼ਦੂਰਾਂ ਦਾ ਇਲਾਜ ਵੇਲਸ ਹਸਪਤਾਲ ਵਿੱਚ ਅਤੇ 21 ਦਾ ਵੈਂਕਟੇਸ਼ਵਰ ਹਸਪਤਾਲ ਵਿੱਚ ਚੱਲ ਰਿਹਾ ਹੈ। ਸਭ ਤੋਂ ਗੰਭੀਰ ਰੂਪ ਵਿੱਚ ਬਿਮਾਰ 9 ਮਰੀਜ਼ਾਂ ਨੂੰ ਐਂਬੂਲੈਂਸਾਂ ਰਾਹੀਂ ਚੇਨਈ ਦੇ ਸਰਕਾਰੀ ਸਟੈਨਲੀ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜਿਆ ਗਿਆ ਹੈ। ਬਿਮਾਰ ਹੋਏ ਮਜ਼ਦੂਰਾਂ ਵਿੱਚੋਂ ਬਹੁਤੀਆਂ 24 ਤੋਂ 25 ਸਾਲ ਦੀ ਉਮਰ ਦੀਆਂ ਔਰਤਾਂ ਹਨ। ਵਾਲਵ ਖ਼ਰਾਬ ਹੋਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਇਸ ਐਕਸਪੋਰਟ ਫੈਕਟਰੀ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਵਿੱਚ ਹੋਈਆਂ ਸੰਭਾਵਤ ਖਾਮੀਆਂ ਦੀ ਪੜਤਾਲ ਕਰਨ ਲਈ ਇੱਕ ਰਸਮੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।