ਈਰਾਨ ਨੂੰ ਕਣਕ ਤੇ ਮੱਕੀ ਵੇਚਾਂਗੇ : ਟਰੰਪ

0
8

ਵਾਸ਼ਿੰਗਟਨ (ਨ ਜ਼ ਸ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਸ਼ਾਂਤੀ ਵਾਰਤਾ ਨੂੰ ਅਮਰੀਕੀ ਕਿਸਾਨਾਂ ਲਈ ਇੱਕ ਜਿੱਤ ਦੱਸਦਿਆਂ ਕਿਹਾ ਹੈ ਕਿ ਈਰਾਨ ਦੇ ਫ੍ਰੀਜ਼ ਕੀਤੇ ਗਏ ਪੈਸਿਆਂ ਨੂੰ ਖੋਲ੍ਹਣ ਦਾ ਸੰਬੰਧ ਉਸ ਦੇਸ਼ ਵੱਲੋਂ ਅਮਰੀਕਾ ਵਿੱਚ ਉਗਾਈ ਜਾਣ ਵਾਲੀ ਮੱਕੀ, ਸੋਇਆਬੀਨ ਅਤੇ ਕਣਕ ਦੀ ਖਰੀਦ ਨਾਲ ਜੋੜਿਆ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, ‘ਇਹ ਉਹ ਚੀਜ਼ਾਂ ਹਨ, ਜਿਨ੍ਹਾਂ ਦੀ ਈਰਾਨ ਨੂੰ ਬੇਹੱਦ ਲੋੜ ਹੈ। ਇਹ ਇੱਕ ਮਾਨਵੀ ਸੰਕਟ ਹੈ ਅਤੇ ਮੈਨੂੰ ਲੱਗਦਾ ਹੈ ਕਿ ਮਦਦ ਕਰਨਾ ਜ਼ਰੂਰੀ ਹੈ।’ ਪਰ ਈਰਾਨ ਵੱਡੀ ਮਾਤਰਾ ਵਿੱਚ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਸ਼ੁਰੂ ਕਰੇ, ਇਸ ਦੀ ਸੰਭਾਵਨਾ ਘੱਟ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਰਿਸਰਚ ਫੈਲੋ ਐਮੇਰਿਟਸ ਜੋਸੇਫ ਗਲਾਬਰ ਨੇ ਕਿਹਾ, ‘ਮੈਨੂੰ ਉਮੀਦ ਨਹੀਂ ਹੈ ਕਿ ਥੋੜ੍ਹੇ ਸਮੇਂ ਵਿੱਚ ਵਪਾਰ ਬਹੁਤ ਵੱਡਾ ਹੋਵੇਗਾ।’ ਗਲਾਬਰ ਨੇ ਨੋਟ ਕੀਤਾ ਕਿ ਈਰਾਨ ਲਈ ਅਮਰੀਕਾ ਖਾਤਰ ਭੋਜਨ ਦੇ ਆਪਣੇ ਹੋਰ ਵਪਾਰਕ ਭਾਈਵਾਲਾਂ ਨੂੰ ਛੱਡਣਾ ਅਸੰਭਵ ਹੈ। ਈਰਾਨ ਦੇ ਪ੍ਰਮੁੱਖ ਸਪਲਾਇਰਾਂ ਵਿੱਚ ਬ੍ਰਾਜ਼ੀਲ, ਭਾਰਤ, ਤੁਰਕੀ, ਯੂਰਪੀ ਸੰਘ, ਕੈਨੇਡਾ, ਆਸਟਰੇਲੀਆ ਤੇ ਅਰਜਨਟੀਨਾ ਸ਼ਾਮਲ ਹਨ ਅਤੇ ਟਰੰਪ ਦੀ ਅਮਰੀਕਾ ਤੋਂ ਖਰੀਦਦਾਰੀ ਕਰਨ ਦੀ ਮੰਗ ਅਮਰੀਕਾ ਦੇ ਮੁਕਾਬਲੇਬਾਜ਼ਾਂ ਨਾਲ ਕੁਝ ਕੁੜੱਤਣ ਪੈਦਾ ਕਰੇਗੀ।