ਸੀ ਜੇ ਪੀ ਵਿਘਨਕਾਰੀਆਂ ਦੀ ਬੀ-ਟੀਮ : ਪ੍ਰਧਾਨ

0
8

ਨਵੀਂ ਦਿੱਲੀ (ਨ ਜ਼ ਸ)
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ‘ਤੇ ਤਿੱਖਾ ਹਮਲਾ ਕਰਦਿਆਂ ਉਸ ਨੂੰ ਵਿਘਨਕਾਰੀ ਤੱਤਾਂ ਦੀ ਬੀ-ਟੀਮ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਇਹ ਉਨ੍ਹਾਂ ਤਾਕਤਾਂ ਦਾ ਮੋਹਰਾ ਬਣ ਰਹੀ ਹੈ, ਜਿਨ੍ਹਾਂ ਨੂੰ ਵੋਟਰਾਂ ਨੇ ਨਕਾਰ ਦਿੱਤਾ ਹੈ। ਇੱਕ ਮੀਡੀਆ ਇੰਟਰਵਿਊ ਦੌਰਾਨ ਪ੍ਰਧਾਨ ਨੇ ਕਿਹਾ ਕਿ ਇਸ ਅੰਦੋਲਨ ਦੇ ਪਿੱਛੇ ਵਾਲੇ ਲੋਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਅਤੇ ਇੱਕ ਵੱਖਰੇ ਭੇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ, ‘ਉਹ ਵਿਘਨਕਾਰੀ ਤੱਤਾਂ ਦੀ ਬੀ-ਟੀਮ ਹਨ, ਜਿਨ੍ਹਾਂ ਨੂੰ ਲੋਕਤੰਤਰ ਵਿੱਚ ਨਕਾਰਿਆ ਗਿਆ ਹੈ, ਉਹ ਭੇਸ ਬਦਲ ਕੇ ਆਏ ਹਨ ਅਤੇ ਹੁਣ ਸਿਸਟਮ ਦੇ ਪਿੱਛੇ ਪਏ ਹਨ। ਉਹ ਉਨ੍ਹਾਂ ਲਈ ਨਾਅਰੇ ਲਗਾਉਂਦੇ ਹਨ, ਜੋ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਦੀ ਪਛਾਣ ਹੋ ਚੁੱਕੀ ਹੈ।’
ਮੰਤਰੀ ਦੀਆਂ ਇਹ ਟਿੱਪਣੀਆਂ ਨੀਟ ਦੀ ਮੁੜ-ਪ੍ਰੀਖਿਆ ਤੋਂ ਬਾਅਦ ਆਈਆਂ ਹਨ, ਜਿਸ ਵਿੱਚ 20 ਲੱਖ ਤੋਂ ਵੱਧ ਮੈਡੀਕਲ ਉਮੀਦਵਾਰ ਸ਼ਾਮਲ ਹੋਏ ਸਨ। ਇਹ ਪ੍ਰੀਖਿਆ ਪੇਪਰ ਲੀਕ ਹੋਣ ਦੇ ਦੋਸ਼ਾਂ ਵਿਚਕਾਰ ਅਸਲੀ ਟੈਸਟ ਰੱਦ ਹੋਣ ਤੋਂ ਇੱਕ ਮਹੀਨੇ ਬਾਅਦ ਕਰਵਾਈ ਗਈ ਸੀ। ਇਸ ਵਿਵਾਦ ਨੇ ਦੇਸ਼ ਭਰ ਵਿੱਚ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਸੀ, ਜਿਸ ਵਿੱਚ ਸੀ ਜੇ ਪੀ ਇੱਕ ਦਿਖਾਈ ਦੇਣ ਵਾਲਾ ਸਮੂਹ ਬਣ ਕੇ ਉਭਰਿਆ ਸੀ, ਜੋ ਜਵਾਬਦੇਹੀ ਦੀ ਮੰਗ ਕਰ ਰਿਹਾ ਸੀ ਅਤੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਿਹਾ ਸੀ।
ਪ੍ਰਧਾਨ ਨੇ ਮੁੜ-ਪ੍ਰੀਖਿਆ ਨੂੰ ਸਫਲ ਕਰਾਰ ਦਿੱਤਾ ਅਤੇ ਕਿਹਾ ਕਿ ਲੀਕ ਦੇ ਦੋਸ਼ਾਂ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਪੈਦਾ ਹੋਈ ਚਿੰਤਾ ਤੋਂ ਬਾਅਦ ਪ੍ਰਕਿਰਿਆ ਵਿੱਚ ਵਿਸ਼ਵਾਸ ਬਹਾਲ ਕਰਨ ਦੇ ਯਤਨ ਕੀਤੇ ਗਏ ਹਨ। ਪੇਪਰ ਲੀਕ ਵਿੱਚ ਸ਼ਾਮਲ ਪਾਏ ਗਏ ਲੋਕਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਕੁਝ ਅਧਿਆਪਕਾਂ ਦੀ ਭੂਮਿਕਾ ਖਾਸ ਤੌਰ ‘ਤੇ ਚਿੰਤਾਜਨਕ ਸੀ। ਉਨ੍ਹਾ ਕਿਹਾ ਕਿ ਰਕਸ਼ਕ ਹੀ ਭਖਸ਼ਕ ਬਣ ਗਏ ਸਨ। ਕੋਟਾ ਵਿੱਚ ਰਾਹੁਲ ਗਾਂਧੀ ਦੀ ਰੈਲੀ ਬਾਰੇ ਪ੍ਰਧਾਨ ਨੇ ਕਿਹਾ, ‘ਵਿਰੋਧੀ ਧਿਰ ਨੂੰ ਸਵਾਲ ਪੁੱਛਣ ਦਾ ਅਧਿਕਾਰ ਹੈ, ਪਰ ਉਹ ਨੀਟ ਦੀ ਮੁੜ ਪ੍ਰੀਖਿਆ ਤੋਂ ਤਿੰਨ ਦਿਨ ਪਹਿਲਾਂ ਕੋਟਾ ਜਾਂਦੇ ਹਨ ਅਤੇ ਵਿਦਿਆਰਥੀਆਂ ਦੇ ਮਨਾਂ ਵਿੱਚ ਘਬਰਾਹਟ ਤੇ ਡਰ ਪੈਦਾ ਕਰਦੇ ਹਨ। ਉਨ੍ਹਾ ਦਾ ਇਰਾਦਾ 21 ਜੂਨ ਦੀ ਪ੍ਰੀਖਿਆ ਨੂੰ ਵਿਗਾੜਨਾ ਸੀ।’ ਭਾਜਪਾ ਦੇ ਸੀਨੀਅਰ ਨੇਤਾ ਪ੍ਰਧਾਨ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀਆਂ ਫੋਟੋਆਂ ਦੀ ਵਰਤੋਂ ਕਰਕੇ ਇਸ ਦਾ ਰਾਜਨੀਤੀਕਰਨ ਕਰਨਾ ਕਾਂਗਰਸ ਪਾਰਟੀ ਦਾ ਇੱਕ ਨੀਵੇਂ ਪੱਧਰ ਦਾ ਕੰਮ ਹੈ। ਪ੍ਰੀਖਿਆਵਾਂ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕਰਨਾ ਘਿਣਾਉਣੇਪਣ ਤੋਂ ਘੱਟ ਨਹੀਂ। ਨਾ ਤਾਂ ਰਾਹੁਲ ਗਾਂਧੀ ਅਤੇ ਨਾ ਹੀ ਕਾਂਗਰਸ ਪਾਰਟੀ ਨੇ ਸਿਸਟਮ ਨੂੰ ਸੁਧਾਰਨ ਲਈ ਇੱਕ ਵੀ ਸਕਾਰਾਤਮਕ ਸੁਝਾਅ ਪੇਸ਼ ਕੀਤਾ ਹੈ।