ਦੇਹਰਾਦੂਨ (ਨ ਜ਼ ਸ) : ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਗੁਰਦੁਆਰਾ ਸਾਹਿਬ ‘ਚ ਤਿੰਨ ਦਿਨਾਂ ਤੋਂ ਚੱਲ ਰਿਹਾ ਟਕਰਾਅ ਮੰਗਲਵਾਰ ਖਤਮ ਹੋ ਗਿਆ। ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਤੋਂ ਪਹੁੰਚੇ ਸਿੱਖ ਪ੍ਰਤੀਨਿਧ ਮੰਡਲ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਨਿਹੰਗ ਸਿੰਘਾਂ ਨੇ ਕਬਜ਼ਾ ਛੱਡ ਦਿੱਤਾ ਤੇ ਗੁਰਦੁਆਰਾ ਖੇਤਰ ਖਾਲੀ ਕਰ ਦਿੱਤਾ। ਵਿਵਾਦ 16 ਜੂਨ ਨੂੰ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਝੜਪ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਘਟਨਾ ਵਿੱਚ ਕੁਝ ਸਥਾਨਕ ਲੋਕ ਜ਼ਖਮੀ ਹੋ ਗਏ ਸਨ ਅਤੇ ਪੁਲਸ ਨੇ ਚਾਰ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਕਾਰਵਾਈ ਦੇ ਵਿਰੋਧ ਵਿੱਚ ਮੁਹਾਲੀ ਤੋਂ ਆਏ ਕੁਝ ਨਿਹੰਗ ਨਗਰਾਸੂ ਗੁਰਦੁਆਰਾ ਸਾਹਿਬ ਵਿੱਚ ਡੇਰਾ ਲਗਾ ਕੇ ਬੈਠ ਗਏ ਸਨ ਅਤੇ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਸਥਿਤੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪੁਲਸ ਅਤੇ ਆਈ ਟੀ ਬੀ ਪੀ ਦੇ ਜਵਾਨ ਤਾਇਨਾਤ ਕਰਨੇ ਪਏ, ਜਦਕਿ ਡਰੋਨਾਂ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਗੱਲਬਾਤ ਕੀਤੀ ਜਾਂਦੀ ਰਹੀ। ਓੜਕ ਪੰਜਾਬ ਤੋਂ ਪਹੁੰਚੇ ਸਿੱਖ ਆਗੂਆਂ ਅਤੇ ਪ੍ਰਤੀਨਿਧ ਮੰਡਲ ਦੀ ਸਾਲਸੀ ਨਾਲ ਮਾਮਲਾ ਸੁਲਝ ਗਿਆ ਅਤੇ ਨਿਹੰਗ ਗੁਰਦੁਆਰਾ ਖਾਲੀ ਕਰ ਕੇ ਆਪਣੇ-ਆਪਣੇ ਟਿਕਾਣਿਆਂ ਵੱਲ ਰਵਾਨਾ ਹੋ ਗਏ।



