ਭਾਜਪਾ ਨੇ ਲੈਬ ਮਾਲਕਾਂ ਨੂੰ ਧਮਕਾਇਆ : ਮਾਨ

0
10

ਚੰਡੀਗੜ੍ਹ (ਨ ਜ਼ ਸ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਵਿਰੋਧੀ ਧਿਰਾਂ ‘ਤੇ ਤਿੱਖਾ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਹੁਣ ਇੱਕਜੁੱਟ ਹੋ ਕੇ ਧਰਮ ਨੂੰ ਹਥਿਆਰ ਵਜੋਂ ਵਰਤ ਰਹੀਆਂ ਹਨ ਅਤੇ ਉਨ੍ਹਾ ‘ਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਰਾਸਰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ।
ਵੀਡੀਓ ਸੰਦੇਸ਼ ਰਾਹੀਂ ਆਪਣਾ ਪੱਖ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, ‘ਮੈਂ ਲਗਾਤਾਰ ਜਨਤਾ ਦੀ ਭਲਾਈ ਦੇ ਕੰਮਾਂ ਵਿੱਚ ਜੁਟਿਆ ਹੋਇਆ ਹਾਂ ਅਤੇ ਅੱਗੇ ਵੀ ਇਹ ਕੰਮ ਜਾਰੀ ਰੱਖਾਂਗਾ। ਵਿਰੋਧੀ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਵਿੱਚ ਜਿਸ ਵਿਅਕਤੀ ਨੂੰ ਦਿਖਾ ਕੇ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਮੈਂ ਨਹੀਂ ਹਾਂ। ਉਸ ਵਿਅਕਤੀ ਦੀ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਨਹੀਂ ਮਿਲਦੀ। ਨਾ ਤਾਂ ਉਸ ਦੇ ਖੜ੍ਹੇ ਹੋਣ ਦਾ ਤਰੀਕਾ ਮੇਰੇ ਵਰਗਾ ਹੈ ਅਤੇ ਨਾ ਹੀ ਉਹ ਮੇਰੀ ਤਰ੍ਹਾਂ ਚੱਲਦਾ ਹੈ। ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।’”
ਮੁੱਖ ਮੰਤਰੀ ਨੇ ਕਿਹਾ ਕਿ ਆਮ ਜਨਤਾ ਨੇ ਇਸ ਵੀਡੀਓ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਦੇਖ ਲਿਆ ਹੈ। ਉਨ੍ਹਾ ਨੂੰ ਪੰਜਾਬ ਭਰ ਵਿੱਚੋਂ ਸੈਂਕੜੇ ਫੋਨ ਕਾਲਾਂ ਅਤੇ ਵੀਡੀਓ ਸੰਦੇਸ਼ ਆਏ ਹਨ, ਜਿਨ੍ਹਾਂ ਵਿੱਚ ਲੋਕਾਂ ਨੇ ਖੁਦ ਮੰਨਿਆ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਬੰਦਾ ਮੁੱਖ ਮੰਤਰੀ ਨਹੀਂ ਹੈ।
ਮਾਨ ਨੇ ਦੱਸਿਆ ਕਿ ਜਦੋਂ ਵਿਰੋਧੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਫਰਜ਼ੀ ਵੀਡੀਓ ਵਾਲੀ ਚਾਲ ਫੇਲ੍ਹ ਹੋ ਗਈ ਹੈ, ਤਾਂ ਉਨ੍ਹਾਂ ਨਵੀਂ ਕਹਾਣੀ ਘੜ ਲਈ, ਜਦਕਿ ਸਰਕਾਰ ਨੇ ਸੁਤੰਤਰ ਲੈਬਾਰਟਰੀਆਂ ਤੋਂ ਇਸ ਦੀ ਜਾਂਚ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਵੀਡੀਓ ਨਕਲੀ ਹੈ। ਭਾਜਪਾ ‘ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦਾ ਵੱਡਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ, ‘ਭਾਜਪਾ ਨੇ ਉਨ੍ਹਾਂ ਲੈਬ ਮਾਲਕਾਂ ਨੂੰ ਡਰਾਇਆ-ਧਮਕਾਇਆ, ਜਿਨ੍ਹਾਂ ਤੋਂ ਅਸੀਂ ਜਾਂਚ ਕਰਵਾਈ ਸੀ ਅਤੇ ਉਨ੍ਹਾਂ ‘ਤੇ ਇਹ ਕਹਿਣ ਲਈ ਦਬਾਅ ਪਾਇਆ ਕਿ ਅਸੀਂ ਗਲਤ ਰਿਪੋਰਟ ਤਿਆਰ ਕਰਵਾਈ ਹੈ।’
ਉਨ੍ਹਾ ਸਵਾਲ ਕੀਤਾ ਕਿ ਭਾਜਪਾ ਕਿਸ ਅਧਾਰ ‘ਤੇ ਆਪਣੀਆਂ ਚੁਣੀਆਂ ਹੋਈਆਂ ਲੈਬਾਂ ਦੀਆਂ ਰਿਪੋਰਟਾਂ ਨੂੰ ਸਹੀ ਦੱਸ ਰਹੀ ਹੈ? ਮਾਨ ਨੇ ਕਿਹਾ ਕਿ ਜਨਤਾ ਸਭ ਕੁਝ ਜਾਣਦੀ ਹੈ ਅਤੇ ਫੈਸਲਾ ਲੋਕਾਂ ਦੀ ਕਚਹਿਰੀ ਵਿੱਚ ਹੀ ਹੋਵੇਗਾ। ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਸਿਆਸੀ ਅਤੇ ਸਮਾਜਕ ਤੌਰ ‘ਤੇ ਨਕਾਰ ਦਿੱਤਾ ਹੈ, ਜਿਸ ਕਰਕੇ ਇਹ ਸਾਨੂੰ ਨੀਵਾਂ ਦਿਖਾਉਣ ਲਈ ਅਜਿਹੇ ਧੋਖੇਬਾਜ਼ ਹੱਥਕੰਡੇ ਅਪਣਾ ਰਹੀਆਂ ਹਨ।