ਵੋਟ ਬਚਾਉਣ ਦੀ ਘੜੀ, ਅੱਜ ਤੋਂ ਘਰ-ਘਰ ਆਉਣਗੇ ਬੀ ਐੱਲ ਓ

0
12

ਚੰਡੀਗੜ੍ਹ (ਨ ਜ਼ ਸ)-ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਬੁੱਧਵਾਰ ਪੰਜਾਬ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਾਂ ਦੀ ਵਿਸ਼ੇਸ਼ ਡੂੰਘੀ ਸੁਧਾਈ (ਐੱਸ ਆਈ ਆਰ) ਤਹਿਤ 25 ਜੂਨ ਤੋਂ ਬੀ ਅੱੈਲ ਓਜ਼ ਵੱਲੋਂ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਸਰਵੇਖਣ ਦੌਰਾਨ ਗਿਣਤੀ ਫਾਰਮਾਂ ਦੀ ਵੰਡ, ਭਰਨ ਅਤੇ ਇਕੱਤਰ ਕਰਨ ਬਾਰੇ ਮੀਟਿੰਗ ਕੀਤੀ।
ਮਿੱਤਰਾ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਰਾਜ ਵਿੱਚ ਘਰ-ਘਰ ਜਾ ਕੇ ਗਿਣਤੀ ਦਾ ਇਹ ਕੰਮ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਕਵਾਇਦ ਵਿੱਚ 24,453 ਬੀ ਐੱਲ ਓ ਰਾਜ ਦੇ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਤੱਕ ਪਹੁੰਚ ਕਰਨਗੇ। ਵੋਟਰ ਸੂਚੀਆਂ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਤ ਕੀਤਾ ਜਾਵੇਗਾ। ਵੋਟਰ ਸੂਚੀਆਂ ਬਾਰੇ ਇਤਰਾਜ਼ ਅਤੇ ਦਾਅਵੇ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਣਗੇ। ਇਤਰਾਜ਼ਾਂ ਅਤੇ ਦਾਅਵਿਆਂ ਦਾ ਨਿਪਟਾਰਾ 3 ਅਗਸਤ ਤੋਂ 9 ਸਤੰਬਰ ਤੱਕ ਚੱਲੇਗਾ। ਮਿੱਤਰਾ ਨੇ ਕਿਹਾ ਕਿ ਅੰਤਮ ਵੋਟਰ ਸੂਚੀ 1 ਅਕਤੂਬਰ, 2026 ਨੂੰ ਪ੍ਰਕਾਸ਼ਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਉਨ੍ਹਾ ਪੰਜਾਬ ਰਾਜ ਦੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਕਿ ਰਾਜ ਵਿੱਚ 86.02 ਫੀਸਦੀ ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਅਣਮੈਪ ਕੀਤੇ ਵੋਟਰਾਂ ਦੀ ਸੂਚੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਕੀਤੀ ਗਈ। ਮਿੱਤਰਾ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਐੱਸ ਆਈ ਆਰ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਅਣਮੈਪ ਕੀਤੇ ਵੋਟਰਾਂ ਦੀ ਮੈਪਿੰਗ ਕਰਨ ਵਿੱਚ ਚੋਣ ਅਮਲੇ ਦੀ ਮਦਦ ਕਰਨ। ਮਿੱਤਰਾ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਚਿੰਤਾਵਾਂ ਦਾ ਵੀ ਨਿਪਟਾਰਾ ਕੀਤਾ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਤੋਂ ਫੈਰੀ ਸੋਫਤ, ਬਹੁਜਨ ਸਮਾਜ ਪਾਰਟੀ ਤੋਂ ਜਸਵੰਤ ਰਾਏ ਤੇ ਹਰਭਜਨ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਪਰਮਪਾਲ ਕੌਰ, ਕਾਂਗਰਸ ਪਾਰਟੀ ਤੋਂ ਹਰਦੀਪ ਸਿੰਘ ਕਿੰਗਰਾ ਅਤੇ ਹੈਪੀ ਖੇੜਾ, ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਨਛੱਤਰ ਸਿੰਘ ਗਿੱਲ ਹਾਜ਼ਰ ਸਨ।