ਚੰਡੀਗੜ੍ਹ (ਨ ਜ਼ ਸ)-‘ਆਪ’ ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਪਾਰਟੀਆਂ ਬੇਲੋੜਾ ਭੰਬਲਭੂਸਾ ਪੈਦਾ ਕਰ ਰਹੀਆਂ ਹਨ, ਜਿਸ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਖੁੱਲ੍ਹੇਆਮ ਇੱਕ-ਦੂਜੇ ਦੇ ਪ੍ਰਚਾਰ ਨੂੰ ਹਵਾ ਦੇ ਰਹੇ ਹਨ। ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਜਾਂ ਭਾਜਪਾ, ਸਾਰਿਆਂ ਦਾ ਇੱਕੋ-ਇੱਕ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਹਨ। ਉਨ੍ਹਾਂ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਅਤੇ ਨਾ ਹੀ ਭਵਿੱਖ ਲਈ ਕੋਈ ਵਿਜ਼ਨ ਹੈ।
ਪੰਨੂ ਨੇ ਪ੍ਰੈੱਸ ਕਾਨਫਰੰਸ ‘ਚ ਦੋ ਵੱਖ-ਵੱਖ ਵੀਡੀਓ ਦਿਖਾਏ, ਜਿਨ੍ਹਾਂ ਵਿੱਚੋਂ ਇੱਕ ਅਸਲੀ ਸੀ ਅਤੇ ਦੂਜੀ ਅਕਾਲੀ ਦਲ ਵੱਲੋਂ ਤਿਆਰ ਕੀਤੀ ਗਈ ਫਰਜ਼ੀ ਵੀਡੀਓ ਸੀ। ਉਨ੍ਹਾ ਕਿਹਾ ਕਿ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਫਰਜ਼ੀ ਵੀਡੀਓ ਨਾਲ ਛੇੜਛਾੜ ਕਰਕੇ ਉਸ ਨੂੰ ਆਪਣੇ ਸਿਆਸੀ ਹਿੱਤਾਂ ਮੁਤਾਬਕ ਵਾਇਰਲ ਕੀਤਾ। ਅਸਲ ਵੀਡੀਓ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਦੀ ਸੀ, ਜਿੱਥੇ ਮੁੱਖ ਮੰਤਰੀ ਇੱਕ ਜਨਤਕ ਮੀਟਿੰਗ ਦੌਰਾਨ ਔਰਤਾਂ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਨ੍ਹਾਂ ਤੋਂ ਸੁਝਾਅ ਮੰਗ ਰਹੇ ਸਨ ਕਿ ਉਹ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ ਦੀ ਵਰਤੋਂ ਕਿਵੇਂ ਕਰਨਗੀਆਂ।
ਉਨ੍ਹਾ ਕਿਹਾ ਮਾਵਾਂ-ਧੀਆਂ ਨੂੰ ਪਹਿਲੀ ਤੋਂ ਤਿੰਨ ਮਹੀਨਿਆਂ ਦੀ ਰਾਸ਼ੀ ਦੇਣ ਦੇ ਐਲਾਨ ਨੇ ਵਿਰੋਧੀ ਧਿਰ ਨੂੰ ਇਸ ਲਈ ਝਟਕਾ ਦਿੱਤਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇੱਕ ਵਾਰ ਜਦੋਂ ਔਰਤਾਂ ਨੂੰ ਵਾਅਦਾ ਕੀਤੀ ਵਿੱਤੀ ਸਹਾਇਤਾ ਮਿਲਣੀ ਸ਼ੁਰੂ ਹੋ ਗਈ, ਤਾਂ ਉਨ੍ਹਾਂ ਦੀ ਗੁੰਮਰਾਹਕੁੰਨ ਸਿਆਸਤ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਉਹ ਨਿਰਾਸ਼ਾ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਕਿਸੇ ਨਾ ਕਿਸੇ ਤਰ੍ਹਾਂ ਇਸ ਸਕੀਮ ਨੂੰ ਰੋਕਣਾ ਚਾਹੁੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਕੋਲ ਖੜ੍ਹੇ ਹੋਣ ਲਈ ਕੋਈ ਸਿਆਸੀ ਜ਼ਮੀਨ ਨਹੀਂ ਬਚੇਗੀ।
ਉਹਨਾ ਕਿਹਾ ਕਿ ਉਹ ਚਾਹੇ ਜਿੰਨੀਆਂ ਮਰਜ਼ੀ ਫਰਜ਼ੀ ਵੀਡੀਓਜ਼ ਬਣਾ ਲੈਣ, ਉਹ ਪੰਜਾਬ ਦੇ ਲੋਕਾਂ ਨੂੰ ਸੱਚਾਈ ਪਛਾਣਨ ਤੋਂ ਨਹੀਂ ਰੋਕ ਸਕਦੇ। ਪੰਜਾਬ ਦੀਆਂ ਔਰਤਾਂ ਸਮਝਦੀਆਂ ਹਨ ਕਿ ਕੌਣ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਅਤੇ ਕੌਣ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।





