ਹਰਦਿਲ ਅਜ਼ੀਜ਼ ਰਜਿੰਦਰ ਮੰਡ ਨੂੰ ਭਰਪੂਰ ਸ਼ਰਧਾਂਜਲੀਆਂ

0
4

ਅਰਸ਼ੀ, ਜਗਰੂਪ, ਮਾੜੀਮੇਘਾ, ਨਰਿੰਦਰ ਸੋਹਲ, ਪਾਸਲਾ, ਕੁਲਵੰਤ ਸੰਧੂ, ਚਾਨਾ ਤੇ ਹੋਰਨਾਂ ਨੇ ਸੰਘਰਸ਼ਾਂ ਦੇ ਸਾਥੀ ਨੂੰ ਕੀਤਾ ਯਾਦ
ਜਲੰਧਰ (ਗਿਆਨ ਸੈਦਪੁਰੀ)
ਬੁੱਧਵਾਰ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿੱਚ ਸਥਿਤ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਨੇ ਸਭਨਾਂ ਦੇ ਪਿਆਰੇ ਤੇ ਸਤਿਕਾਰੇ ਐਡਵੋਕੇਟ ਰਜਿੰਦਰ ਸਿੰਘ ਮੰਡ ਨੂੰ ਭਾਵਪੂਰਤ ਸ਼ਰਧਾਂਜਲੀਆਂ ਭੇਟ ਕੀਤੀਆਂ। ਰਜਿੰਦਰ ਮੰਡ ਤੇ ਉਨ੍ਹਾ ਦੇ ਪਰਵਾਰ ਦਾ ਸਮਾਜ ਦੇ ਹਰ ਖੇਤਰ ਵਿੱਚ ਵਿਚਰਨ-ਵਰਤਾਰਾ ਤੇ ਮਿਲੇ ਸਨੇਹ-ਸਤਿਕਾਰ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਹਾਲ ਨੱਕੋ-ਨੱਕ ਭਰ ਗਿਆ। ਕੁਰਸੀਆਂ ਹੋਰ ਮੰਗਵਾਉਣੀਆਂ ਪਈਆਂ ਤੇ ਕੁਝ ਦੋਸਤਾਂ ਨੂੰ ਆਪਣੀ ਥਾਂ ਸਟੇਜ ‘ਤੇ ਮੱਲਣੀ ਪਈ। ਉਂਝ ਐਡਵੋਕੇਟ ਰਜਿੰਦਰ ਮੰਡ ਦੀ ਸਟੇਜ ‘ਤੇ ਰੱਖੀ ਤਸਵੀਰ ਦੇ ਸਤਿਕਾਰ ਵਜੋਂ ਸਟੇਜ ‘ਤੇ ਕੋਈ ਕੁਰਸੀ ਨਹੀਂ ਸੀ ਰੱਖੀ ਗਈ।
ਸੀ ਪੀ ਆਈ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਭਾਵਪੂਰਤ ਸ਼ਬਦਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਐਡਵੋਕੇਟ ਰਜਿੰਦਰ ਮੰਡ ਵੱਲੋਂ ‘ਨਵਾਂ ਜ਼ਮਾਨਾ’, ਦੇਸ਼ ਭਗਤ ਯਾਦਗਾਰ ਕਮੇਟੀ, ਵਕਾਲਤ ਅਤੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਨਿਭਾਈਆਂ ਸੁਹਿਰਦ ਜ਼ਿੰਮੇਵਾਰੀਆਂ ਨੂੰ ਯਾਦ ਕੀਤਾ। ਉਨ੍ਹਾ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੇ ਇੱਕ ਸਾਲ ਪਹਿਲਾਂ ਦਿੱਤੇ ਵਿਛੋੜੇ ਨੂੰ ਚੇਤੇ ਕਰਦਿਆਂ ਕਿਹਾ ਕਿ ਪਰਵਾਰ ਨੂੰ ਦੋਹਰੇ ਸਦਮੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਕਾਮਰੇਡ ਅਰਸ਼ੀ ਨੇ ਮੰਡ ਪਰਵਾਰ ਦੀ ਸ਼ਾਨਦਾਰ ਵਿਰਾਸਤ ਦੀ ਵੀ ਗੱਲ ਕੀਤੀ। ਉਨ੍ਹਾ ਕਿਹਾ ਕਿ ਅੱਜ ਯਾਦ ਆ ਰਹੇ ਹਨ ਡਾ. ਜਸ ਮੰਡ ਦੇ ਪਿਤਾ ਹੈੱਡਮਾਸਟਰ ਸੋਹਣ ਸਿੰਘ, ਜਿਹੜੇ ਐੱਸ ਡੀ ਆਈ ਹਾਈ ਸਕੂਲ ਅਲਾਵਲਪੁਰ ਦੇ ਮੁਖੀ ਸਨ। ਇਹ ਚੌਕੜੀ ਬਣਦੀ ਸੀ ਹੈੱਡਮਾਸਟਰ ਮਹਿੰਗਾ ਸਿੰਘ, ਹੈੱਡਮਾਸਟਰ ਰਘਬੀਰ ਸਿੰਘ ਤੇ ਕਾਮਰੇਡ ਰਤਨ ਸਿੰਘ ਦੌਲੀਕੇ ਨੂੰ ਮਿਲਾ ਕੇ। ਇਨ੍ਹਾਂ ਨੇ ਪੂਰਾਂ ਦੇ ਪੂਰ ਕਮਿਊਨਿਸਟ ਪੈਦਾ ਕੀਤੇ।
ਕਾਮਰੇਡ ਅਰਸ਼ੀ ਨੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵੱਲੋਂ ਵੀ ਸ਼ਰਧਾਂਜਲੀ ਭੇਟ ਕੀਤੀ।
‘ਬਨੇਗਾ’ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਤੇ ਸੀ ਪੀ ਆਈ ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਨੇ ਆਪਣੇ ਪਿਆਰੇ ਤੇ ਨਿਭਣਸਾਰ ਸਾਥੀ ਰਹੇ ਐਡਵੋਕੇਟ ਰਜਿੰਦਰ ਮੰਡ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਸੀਂ ਸਭ ਇੱਕ ਅਣਕਿਆਸੇ ਦਰਦ ਦੇ ਦਰਿਆ ਨੂੰ ਪਾਰ ਕਰ ਰਹੇ ਹਾਂ। ਇਹ ਪਾਰ ਕਰਨਾ ਹੀ ਪੈਣਾ ਹੈ। ਉਨ੍ਹਾ ਕਿਹਾ ਕਿ ਰਜਿੰਦਰ ਮੰਡ ਇੱਕ ਸ਼ਾਨਦਾਰ ਕਮਿਊਨਿਸਟ ਸੀ। ਕਾਮਰੇਡ ਜਗਰੂਪ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ, ਜੋ ਹੁਣ…ਬਨੇਗਾ ਬਣ ਗਈ ਹੈ, ਇੱਕ ਇਤਿਹਾਸ ਹੈ ਤੇ ਇਸ ਨੂੰ ਸਿਰਜਣ ਵਿੱਚ ਐਡਵੋਕੇਟ ਰਜਿੰਦਰ ਮੰਡ ਦਾ ਵੱਡਮੁੱਲਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾ ਕਿਹਾ ਕਿ ਇੱਕ ਹਰਫਨਮੌਲਾ ਦੋਸਤ ਦਾ ਵਿਛੜ ਜਾਣਾ ਸਹਿਣ ਕਰਨਾ ਔਖਾ ਹੋ ਰਿਹਾ ਹੈ।
ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼ਬਦਾਂ ਦੀ ਗੱਲ ਤਾਂ ਕੀਤੀ ਜਾ ਸਕਦੀ ਹੈ, ਪਰ ਦਿਲ ਅੰਦਰਲੇ ਦਰਦ ਦਾ ਵਰਣਨ ਮੁਸ਼ਕਲ ਹੈ। ਉਨ੍ਹਾ ਕਿਹਾ ਕਿ ਰਜਿੰਦਰ ਮੰਡ ਦੀ ਥੋੜ੍ਹੇ ਚਿਰ ਦੀ ਦੋਸਤੀ ਲੰਮਾ ਪਾਸਾਰ ਲੈ ਗਈ ਹੈ।
ਹਲਕਾ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੇ ਆਪਣੇ ਮਿੱਤਰ ਐਡਵੋਕੇਟ ਰਜਿੰਦਰ ਮੰਡ ਨੂੰ ਜਜ਼ਬਾਤੀ ਤੇ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾ ਕਿਹਾ ਕਿ ਰਜਿੰਦਰ ਮੰਡ ਇਨਕਲਾਬੀ ਲਹਿਰ ਨੂੰ ਮੰਜ਼ਲ ਤੱਕ ਲਿਜਾਣ ਲਈ ਸੰਘਰਸ਼ਸ਼ੀਲ ਰਹੇ। ਮੰਡ ਨਾਲ ਆਪਣੀ ਗੂਹੜੀ ਸਾਂਝ ਦੀ ਗੱਲ ਕਰਦਿਆਂ ਕੋਟਲੀ ਨੇ ਕਿਹਾ ਕਿ ਜਜ਼ਬਿਆਂ ਦੀ ਕਹਾਣੀ ਦਾ ਇੱਕ ਪਾਤਰ ਵਿੱਛੜ ਗਿਆ ਹੈ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਜਗਤਾਰ ਸਿੰਘ ਸੰਘੇੜਾ ਨੇ ਐਡਵੋਕੇਟ ਮੰਡ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਸਮਾਜ ਦੇ ਪਹਿਰੇਦਾਰ ਸਨ। ਉਨ੍ਹਾ ਕਿਹਾ ਕਿ ਖੱਬੀ ਲਹਿਰ ਦੀ ਇਹ ਵਿਲੱਖਣਤਾ ਤੇ ਵਿਸ਼ੇਸ਼ਤਾ ਹੈ ਕਿ ਇਸ ਨਾਲ ਜੁੜੇ ਲੋਕ ਸਮਾਜ ਦੀ ਬਿਹਤਰੀ ਲੋਚਦੇ ਹਨ। ਉੱਘੇ ਲੇਖਕ ਤੇ ਬੁੱਧੀਜੀਵੀ ਸਤਨਾਮ ਚਾਨਾ ਨੇ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਕੇ ਕਿਹਾ ਕਿ ਜਿਹੜੀ ਫੁੱਲ ਮਾਲਾ ਮੰਡ ਨੇ ਪਾਉਣੀ ਸੀ, ਉਹ ਅਸੀਂ ਪਾ ਰਹੇ ਹਾਂ, ਇਹ ਬੜਾ ਔਖਾ ਲੱਗ ਰਿਹਾ ਹੈ। ਰਜਿੰਦਰ ਮੰਡ ਦਾ ਰੋਮ-ਰੋਮ ਆਪਣੇ ਲੋਕਾਂ ਤੇ ਕਮਿਊਨਿਸਟ ਪਾਰਟੀ ਨੂੰ ਪ੍ਰਣਾਇਆ ਹੋਇਆ ਸੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਹ ਕਹਾਵਤ ਸਾਰੇ ਜਾਣਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਬੋਝ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਹੁੰਦਾ ਹੈ। ਇਸ ਸੰਦਰਭ ਵਿੱਚ ਐਡਵੋਕੇਟ ਰਜਿੰਦਰ ਮੰਡ ਦੀ ਮਾਤਾ ਜੀ ਜਾ ਹਾਲ ਅਸੀਂ ਦੇਖ ਰਹੇ ਹਾਂ। ਉਨ੍ਹਾ ਕਿਹਾ ਕਿ ਖੱਬੀ ਲਹਿਰ ਨੇ ਇੱਕ ਹੀਰਾ ਗਵਾ ਲਿਆ ਹੈ।
ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੇ ਹਵਾਲੇ ਨਾਲ ਕਿਹਾ ਕਿ ਇਸ ਉਤਸਵ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਐਡਵੋਕੇਟ ਰਜਿੰਦਰ ਸਿੰਘ ਮੰਡ ਦਾ ਰਿਹਾ ਹੈ। ਲੇਖਕਾ ਬਲਜੀਤ ਕੌਰ ਬੱਲ ਨੇ ਰਜਿੰਦਰ ਮੰਡ ਨੂੰ ਆਪਣਾ ਮਾਂ-ਪਿਉ ਜਾਇਆ ਦੱਸਿਆ। ਉਨ੍ਹਾ ਕਿਹਾ ਕਿ ਮੰਡ ਆਪਣੇ ਮੋਹ ਸਦਕਾ ਹਮੇਸ਼ਾ ਸਾਡੇ ਅੰਗ-ਸੰਗ ਰਹੇਗਾ।
ਸਮਾਗਮ ਵਿੱਚ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਉਚੇਚੇ ਤੌਰ ‘ਤੇ ਸ਼ਾਮਲ ਸਨ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਕਾਮਰੇਡ ਨਰਿੰਦਰ ਸੋਹਲ, ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਰੋਡਵੇਜ਼ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਵੱਡੇ ਆਗੂ ਜਗਦੀਸ਼ ਸਿੰਘ ਚਾਹਲ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਬਾਰ ਕੌਂਸਲ ਚੰਡੀਗੜ੍ਹ ਤੋਂ ਲੇਖ ਰਾਜ ਸ਼ਰਮਾ, ਐਡਵੋਕੇਟ ਮੰਡ ਦੇ ਛੋਟੇ ਭਰਾਤਾ ਰਮਨਜੀਤ ਮੰਡ ਤੇ ਮੰਡ ਪਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਦਾਤਾਰ ਸਿੰਘ ਸੰਘਵਾਲ ਆਦਿ ਸ਼ਾਮਲ ਸਨ।
ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਸਵਰਨ ਸਿੰਘ ਟਹਿਣਾ ਨੇ ਚਲਾਈ। ਇਸ ਦੌਰਾਨ ਉਨ੍ਹਾ ਐਡਵੋਕੇਟ ਮੰਡ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਦਾ ਵੀ ਜ਼ਿਕਰ ਕੀਤਾ।
ਡਾ. ਜਸ ਮੰਡ ਨੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਐਡਵੋਕੇਟ ਮੰਡ ਦੀ ਸ਼ਖਸੀਅਤ ਬਾਰੇ ਵੀ ਉਨ੍ਹਾ ਕੁਝ ਗੱਲਾਂ ਕੀਤੀਆਂ। ਉਨ੍ਹਾ ਕਿਹਾ ਕਿ ਉਹ ਬੜਾ ਊਰਜਾਵਾਨ ਮਨੁੱਖ ਸੀ। ਮੰਡ ਪਰਵਾਰ ਵਿੱਚ ਰਜਿੰਦਰ ਦਾ ਸਾਰਿਆਂ ਤੋਂ ਵਸੀਹ ਦਾਇਰਾ ਸੀ। ਐਡਵੋਕੇਟ ਰਜਿੰਦਰ ਮੰਡ ਦੇ ਸਨੇਹੀ ਕਾਮਰੇਡ ਇੰਦਰਜੀਤ ਚੁਗਾਵਾਂ (ਅਮਰੀਕਾ) ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਅਨੇਕਾਂ ਸ਼ੋਕ ਸੁਨੇਹੇ ਆਏ। ਸ਼ਰਧਾਂਜਲੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਕਾਮਰੇਡ ਅਮਲੋਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸਾਹਿਤਕਾਰ ਮੱਖਣ ਮਾਨ, ਐਡਵੋਕੇਟ ਰੋਹਿਤ ਗੰਭੀਰ, ਐਡਵੋਕੇਟ ਦੀਪਕ ਸ਼ਰਮਾ (ਮਲਸੀਆਂ), ਸੇਵਾ ਮੁਕਤ ਐੱਸ ਐੱਸ ਪੀ ਤੇ ਕਾਂਗਰਸ ਇੰਚਾਰਜ਼ ਹਲਕਾ ਕਰਤਾਰਪੁਰ ਰਜਿੰਦਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਸੂਰਤ ਸਿੰਘ ਧਰਮਕੋਟ, ਸੀ ਪੀ ਆਈ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਸੁਖਚੈਨ ਸਿੰਘ, ਨਵਾਂ ਜ਼ਮਾਨਾ ਦੇ ਟਰੱਸਟੀ ਐਡਵੋਕੇਟ ਰਜਿੰਦਰ ਸਿੰਘ ਰਾਣਾ, ਬਲਕਾਰ ਵਲਟੋਹਾ, ਪੱਤਰਕਾਰ ਨਰਿੰਦਰ ਸੋਨੀਆ, ਅਰੁਣਦੀਪ, ਕਾਮਰੇਡ ਸੰਦੀਪ ਦੌਲੀਕੇ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਰਜਿੰਦਰ ਪਾਲ ਕੌਰ, ਜ਼ਿਲ੍ਹਾ ਜਲੰਧਰ ਦੀ ਇਸਤਰੀ ਆਗੂ ਕਾਮਰੇਡ ਸੰਤੋਸ਼ ਬਰਾੜ, ਮਾਤਾ ਮਹਿੰਦਰ ਕੌਰ, ਐਡਵੋਕੇਟ ਮੰਡ ਦੀ ਪਤਨੀ ਹਰਦੀਪ ਕੌਰ ਮੰਡ, ਬੇਟਾ ਮਨਰਾਜ ਮੰਡ, ਰੀਟਾ ਸੁਆਮੀ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਪੱਤਰਕਾਰ ਅਵਤਾਰ ਕਲੇਰ, ਬਲਦੇਵ ਸਿੰਘ ਨੂਰਪੁਰੀ ਅਤੇ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰਾ ਸ਼ਾਮਲ ਸੀ। ਸਮਾਗਮ ਦੌਰਾਨ ਇਹ ਦ੍ਰਿਸ਼ ਹਰੇਕ ਨੂੰ ਭਾਵੁਕ ਕਰਦਾ ਰਿਹਾ, ਜਦੋਂ ਪੂਰੇ ਸਮਾਗਮ ਦੌਰਾਨ ਐਡਵੋਕੇਟ ਮੰਡ ਦੀ ਧੀ ਮਨਪ੍ਰੀਤ ਦੀਆਂ ਅੱਖਾਂ ‘ਚੋਂ ਅੱਥਰੂ ਛਲਕਦੇ ਰਹੇ।