ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਉਨ੍ਹਾ ਦੇ ਪਰਵਾਰ ਦੇ ਜ਼ਮੀਨੀ ਸੌਦਿਆਂ ਦੀ ਸਰਕਰਦਾ ਅੰਗਰੇਜ਼ੀ ਅਖਬਾਰ ‘ਇੰਡੀਅਨ ਐੱਕਸਪ੍ਰੈੱਸ’ ਵੱਲੋਂ ਕੀਤੀ ਗਈ ਜਾਂਚ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਅਖਬਾਰ ਮੁਤਾਬਕ ਦਸੰਬਰ 2023 ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੋਹਨ ਯਾਦਵ ਦੇ ਪਰਵਾਰ, ਰਿਸ਼ਤੇਦਾਰਾਂ ਅਤੇ ਪਰਵਾਰ ਨਾਲ ਜੁੜੀਆਂ ਰੀਅਲ ਅਸਟੇਟ ਕੰਪਨੀਆਂ ਨੇ ਉਜੈਨ ਅਤੇ ਇਸ ਦੇ ਆਲੇ-ਦੁਆਲੇ ਘੱਟੋ-ਘੱਟ 137 ਪਲਾਟ ਖਰੀਦੇ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ ਲਗਭਗ 168 ਏਕੜ ਹੈ ਅਤੇ ਇਸ ਦੀ ਐਲਾਨੀਆ ਕੀਮਤ ਲਗਭਗ 45 ਕਰੋੜ ਰੁਪਏ ਹੈ। ਇਸ ਜ਼ਮੀਨ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਖੇਤਰਾਂ ਵਿੱਚ ਸਥਿਤ ਹੈ, ਜਿੱਥੇ ਰਾਜ ਸਰਕਾਰ ਨੇ ਨਵੇਂ ਸੜਕੀ ਪ੍ਰੋਜੈਕਟਾਂ, ਹਾਈਵੇ ਦੇ ਵਿਸਥਾਰ ਅਤੇ ਜ਼ਮੀਨੀ ਵਰਤੋਂ (ਲੈਂਡ ਯੂਜ਼) ਵਿੱਚ ਤਬਦੀਲੀਆਂ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਭਵਿੱਖ ਵਿੱਚ ਇਨ੍ਹਾਂ ਖੇਤਰਾਂ ਵਿੱਚ ਜ਼ਮੀਨ ਦੀਆਂ ਕੀਮਤਾਂ ਵਿੱਚ ਚੋਖੇ ਵਾਧੇ ਦਾ ਸੰਕੇਤ ਦਿੰਦਾ ਹੈ। ਜ਼ਮੀਨ ਖਰੀਦਣ ਵਾਲਿਆਂ ਵਿੱਚ ਮੁੱਖ ਮੰਤਰੀ ਦੀ ਪਤਨੀ ਸੀਮਾ ਯਾਦਵ, ਨੂੰਹ ਸ਼ਾਲਿਨੀ ਯਾਦਵ, ਭਰਾ ਨੰਦਲਾਲ ਅਤੇ ਨਾਰਾਇਣ ਯਾਦਵ, ਨਾਰਾਇਣ ਯਾਦਵ ਦੀ ਪਤਨੀ ਰੇਖਾ, ਉਨ੍ਹਾ ਦਾ ਪੁੱਤਰ ਅਭੈ ਯਾਦਵ ਅਤੇ ਚਚੇਰੇ ਭਰਾ ਗੋਵਿੰਦ ਤੇ ਨੀਲੇਸ਼ ਯਾਦਵ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਖਰੀਦੀਆਂ ਸਿੱਧੇ ਤੌਰ ‘ਤੇ ਕੀਤੀਆਂ ਗਈਆਂ, ਜਦੋਂ ਕਿ ਹੋਰ ਪਰਵਾਰ ਨਾਲ ਜੁੜੀਆਂ ਚਾਰ ਰੀਅਲ ਅਸਟੇਟ ਕੰਪਨੀਆਂ ਰਾਹੀਂ ਕੀਤੀਆਂ ਗਈਆਂ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਯਾਦਵ ਪਰਵਾਰ ਕੋਲ ਉਜੈਨ ਵਿੱਚ ਘੱਟੋ-ਘੱਟ 108 ਪਲਾਟ ਅਤੇ ਲਗਭਗ 179 ਏਕੜ ਜ਼ਮੀਨ ਸੀ। ਇਸ ਵਿੱਚੋਂ ਲਗਭਗ 85 ਏਕੜ ਜ਼ਮੀਨ 2021 ਅਤੇ 2023 ਦੇ ਵਿਚਕਾਰ ਖਰੀਦੀ ਗਈ ਸੀ, ਜਦੋਂ ਮੋਹਨ ਯਾਦਵ ਰਾਜ ਦੇ ਉੱਚ ਸਿੱਖਿਆ ਮੰਤਰੀ ਸਨ। ਹਾਲਾਂਕਿ, ਮੁੱਖ ਮੰਤਰੀ ਬਣਨ ਤੋਂ ਬਾਅਦ ਜ਼ਮੀਨ ਪ੍ਰਾਪਤੀ ਦੀ ਗਤੀ ਵਿੱਚ ਕਾਫੀ ਤੇਜ਼ੀ ਆਈ। ਮੁੱਖ ਮੰਤਰੀ ਬਣਨ ਤੋਂ ਬਾਅਦ ਪਰਵਾਰ ਵੱਲੋਂ ਖਰੀਦੀ ਗਈ 168 ਏਕੜ ਜ਼ਮੀਨ ਵਿੱਚੋਂ ਲਗਪਗ 111 ਏਕੜ ਜ਼ਮੀਨ ਨਵੇਂ ਸੜਕੀ ਜਾਂ ਹਾਈਵੇ ਪ੍ਰੋਜੈਕਟਾਂ ਦੇ ਆਲੇ-ਦੁਆਲੇ ਸਥਿਤ ਖੇਤਰਾਂ ਵਿੱਚ ਹੈ। ਸਥਾਨਕ ਰੀਅਲ ਅਸਟੇਟ ਖਿਡਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਸੜਕ ਸੰਪਰਕ ਵਿੱਚ ਸੁਧਾਰ ਆਉਣ ਵਾਲੇ ਸਾਲਾਂ ਵਿੱਚ ਜ਼ਮੀਨ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਕਰ ਸਕਦਾ ਹੈ। ਉਦਾਹਰਣ ਵਜੋਂ ਗੰਗੇੜੀ ਖੇਤਰ, ਜੋ ਕਿ ਉਜੈਨ-ਇੰਦੌਰ ਅਤੇ ਉਜੈਨ-ਬਾਰਨਗਰ ਸੜਕਾਂ ਦੇ ਜੰਕਸ਼ਨ ਦੇ ਨੇੜੇ ਸਥਿਤ ਹੈ, ਵਿੱਚ ਪਰਵਾਰਕ ਮੈਂਬਰਾਂ ਨੇ 2024 ਤੋਂ ਬਾਅਦ 38 ਵੱਖ-ਵੱਖ ਪਲਾਟਾਂ ਵਿੱਚ ਲਗਭਗ 51 ਏਕੜ ਜ਼ਮੀਨ ਖਰੀਦੀ। ਇਸੇ ਤਰ੍ਹਾਂ ਉਨਹੇਲ ਵਿੱਚ ਨਵੇਂ ਉਜੈਨ-ਨਾਗਦਾ ਹਾਈਵੇ ਦੇ ਦੋਵੇਂ ਪਾਸੇ ਲਗਭਗ 29 ਏਕੜ ਜ਼ਮੀਨ ਖਰੀਦੀ ਗਈ। ਯਾਦਵ ਪਰਵਾਰ ਦੀ ਮੌਜੂਦਗੀ ਉਨ੍ਹਾਂ ਖੇਤਰਾਂ ਵਿੱਚ ਜ਼ਿਕਰਯੋਗ ਹੈ, ਜਿੱਥੇ ਉਜੈਨ ਮਾਸਟਰ ਪਲਾਨ-2035 ਦੇ ਤਹਿਤ ਰਿਹਾਇਸ਼ੀ ਜਾਂ ਵਪਾਰਕ ਵਰਤੋਂ ਲਈ ਖੇਤੀਬਾੜੀ ਜ਼ਮੀਨ ਨਿਰਧਾਰਤ ਕੀਤੀ ਗਈ ਹੈ। ਮੋਹਨ ਯਾਦਵ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮਾਸਟਰ ਪਲਾਨ ਮਈ 2023 ਵਿੱਚ ਜਾਰੀ ਕੀਤਾ ਗਿਆ ਸੀ। ਹਾਲਾਂਕਿ, ਮੁੱਖ ਮੰਤਰੀ ਬਣਨ ਤੋਂ ਬਾਅਦ ਪਰਵਾਰ ਨੇ ਜ਼ਮੀਨ ਦੇ ਵੱਡੇ ਹਿੱਸੇ ਖਰੀਦੇ, ਇੱਥੋਂ ਤੱਕ ਕਿ ਉਨ੍ਹਾਂ ਖੇਤਰਾਂ ਵਿੱਚ ਵੀ ਜਿੱਥੇ ਲੈਂਡ ਯੂਜ਼ ਵਿੱਚ ਤਬਦੀਲੀਆਂ ਕਾਰਨ ਭਵਿੱਖ ਵਿੱਚ ਵਿਕਾਸ ਦੀ ਸੰਭਾਵਨਾ ਵਧੀ ਸੀ। ਪਰਵਾਰ ਨੇ ਪੰਡਯਾਖੇੜੀ ਖੇਤਰ ਵਿੱਚ ਲਗਭਗ 18 ਏਕੜ ਜ਼ਮੀਨ ਖਰੀਦੀ, ਜਿਸ ਨੂੰ ਨਵੇਂ ਮਾਸਟਰ ਪਲਾਨ ਵਿੱਚ ਇੱਕ ਵਪਾਰਕ ਜ਼ੋਨ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਸੱਜਣ ਸਿੰਘ ਵਰਮਾ ਦੋਸ਼ ਲਾ ਚੁੱਕੇ ਹਨ ਕਿ ਉਜੈਨ ਮਾਸਟਰ ਪਲਾਨ ਵਿੱਚ ਲੈਂਡ ਯੂਜ਼ ਵਿੱਚ ਬਦਲਾਅ ਉਨ੍ਹਾਂ ਖੇਤਰਾਂ ਵਿੱਚ ਕੀਤੇ ਗਏ, ਜਿੱਥੇ ਯਾਦਵ ਪਰਵਾਰ ਦਾ ਪਹਿਲਾਂ ਹੀ ਮਹੱਤਵਪੂਰਨ ਹਿੱਸਾ ਸੀ। ਹਾਲਾਂਕਿ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਸਵਾਰਾਖੇੜੀ ਦੀ ਲਗਭਗ 367 ਏਕੜ ਜ਼ਮੀਨ ਨੂੰ ਗੈਰ-ਰਿਹਾਇਸ਼ੀ ਵਜੋਂ ਦੁਬਾਰਾ ਵਰਗੀਕ੍ਰਿਤ ਕਰ ਦਿੱਤਾ।
ਮੁੱਖ ਮੰਤਰੀ ਨੇ ਤਾਂ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ, ਪਰ ਉਨ੍ਹਾ ਦੇ ਚਚੇਰੇ ਭਰਾ ਗੋਵਿੰਦ ਯਾਦਵ ਦੇ ਪੁੱਤਰ ਅਨੰਤ ਯਾਦਵ ਨੇ ਕਿਹਾ ਹੈ ਕਿ ਉਨ੍ਹਾ ਦਾ ਪਰਵਾਰ 2010 ਤੋਂ ਰੀਅਲ ਅਸਟੇਟ ਕਾਰੋਬਾਰ ਵਿੱਚ ਹੈ ਅਤੇ ਨਿੱਜੀ ਨਾਗਰਿਕ ਹੋਣ ਦੇ ਨਾਤੇ ਉਨ੍ਹਾਂ ਨੂੰ ਜ਼ਮੀਨ ਖਰੀਦਣ, ਵਿਕਸਤ ਕਰਨ ਜਾਂ ਵੇਚਣ ਦਾ ਪੂਰਾ ਅਧਿਕਾਰ ਹੈ। ਇਸ ਲਈ ਇਸ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਲਏ ਗਏ ਸਰਕਾਰੀ ਫੈਸਲਿਆਂ ਨਾਲ ਜੋੜਨਾ ਸਹੀ ਨਹੀਂ ਹੋਵੇਗਾ। ਅਖਬਾਰ ਵੱਲੋਂ ਕੀਤੇ ਗਏ ਖੁਲਾਸਿਆਂ ਨੇ ਮੁੱਖ ਮੰਤਰੀ ਦੇ ਪਰਵਾਰ ਦੀਆਂ ਜ਼ਮੀਨਾਂ ਦੀ ਖਰੀਦਦਾਰੀ ਅਤੇ ਉਜੈਨ ਵਿੱਚ ਚੱਲ ਰਹੇ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਗਰਾਮਾਂ ਵਿਚਕਾਰ ਸੰਬੰਧਾਂ ਬਾਰੇ ਸਿਆਸੀ ਅਤੇ ਨੈਤਿਕ ਬਹਿਸ ਛੇੜ ਦਿੱਤੀ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਜਾਂਚ ਏਜੰਸੀ ਨੇ ਇਸ ਲੈਣ-ਦੇਣ ਵਿੱਚ ਕਿਸੇ ਵੀ ਉਲੰਘਣਾ ਜਾਂ ਗੈਰ-ਕਾਨੂੰਨੀ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ।




