ਭੱਜਣ ਦੀ ਕੋਸ਼ਿਸ਼ ਦੌਰਾਨ ਟੁੱਟੀਆਂ ਲੱਤਾਂ-ਬਾਹਾਂ

0
6

ਬਠਿੰਡਾ (ਪਰਵਿੰਦਰਜੀਤ ਸਿੰਘ)
ਮੇਲਾ ਰਾਮ ਰੋਡ ਸਥਿਤ ਡਾਕਟਰ ਤਰਸੇਮ ਗਰਗ ਦੇ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ਨੂੰ ਬਠਿੰਡਾ ਪੁਲਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਨੇ ਇਸ ਸੰਬੰਧੀ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਇੱਕ ਹੋਰ ਮੁਲਜ਼ਮ ਫਰਾਰ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ ਆਈ ਜੀ ਹਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਪੁਲਸ ਵੱਲੋਂ ਸੀ ਸੀ ਟੀ ਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਆਟੋ ਰਿਕਸ਼ਾ ਰਾਹੀਂ ਘਟਨਾ ਵਾਲੀ ਥਾਂ ‘ਤੇ ਪਹੁੰਚੇ ਸਨ। ਉਨ੍ਹਾਂ ਨੇ ਪਹਿਲਾਂ ਦਿਨ ਦੌਰਾਨ ਇਲਾਕੇ ਦੀ ਰੇਕੀ ਕੀਤੀ ਅਤੇ ਦੇਰ ਰਾਤ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਉਹ ਰੇਲ ਗੱਡੀ ਰਾਹੀਂ ਅਬੋਹਰ ਚਲੇ ਗਏ ਸਨ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਅਬੋਹਰ ਤੋਂ ਗ੍ਰਿਫ਼ਤਾਰ ਕਰ ਲਿਆ। ਡੀ ਆਈ ਜੀ ਅਨੁਸਾਰ ਜਦੋਂ ਪੁਲਸ ਉਨ੍ਹਾਂ ਨੂੰ ਬਠਿੰਡਾ ਲੈ ਕੇ ਆ ਰਹੀ ਸੀ ਤਾਂ ਉਨ੍ਹਾਂ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ। ਇੱਕ ਮੁਲਜ਼ਮ ਦੀ ਲੱਤ ਅਤੇ ਦੂਜੇ ਦੀ ਬਾਂਹ ਟੁੱਟ ਗਈ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।