ਕੈਨੇਡਾ ‘ਚ ਕਰੋੜਾਂ ਦੀ ਨਕਦੀ, ਹਥਿਆਰ ਤੇ ਨਸ਼ੇ ਬਰਾਮਦ

0
5

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ‘ਚ ਪੁਲਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਠਿਕਾਣਿਆਂ ਦੀ ਤਲਾਸ਼ੀ ਦੌਰਾਨ 15 ਲੱਖ ਡਾਲਰ ਕਰੰਸੀ ਨੋਟ (ਕਰੀਬ 10 ਕਰੋੜ ਰੁਪਏ), ਕਈ ਮਾਰੂ ਹਥਿਆਰ, ਵੱਡੀ ਮਾਤਰਾ ‘ਚ ਵੱਖ-ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਅਤੇ ਪੰਜ ਆਲੀਸ਼ਾਨ ਘਰ ਆਪਣੇ ਕਬਜ਼ੇ ‘ਚ ਲਏ ਹਨ। ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਾਨੂੰਨੀ ਅੜਿੱਕਿਆਂ ਕਾਰਨ ਪੁਲਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨੇ ਸਰੀ ਖੇਤਰ ‘ਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੀ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਹੋਰ ਸੰਪਰਕਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਵੈਨਕੂਵਰ ਖੇਤਰ ‘ਚੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ। ਇਸ ਜਾਂਚ ਦਲ ਨੇ ਇਸ ਨੈੱਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਲਈ ਇੱਕ ਸਾਲ ਦਾ ਸਮਾਂ ਲਾਇਆ। ਫੜੇ ਗਏ ਨਜਾਇਜ਼ ਮਾਰੂ ਹਥਿਆਰਾਂ ‘ਚ 27 ਬੰਦੂਕਾਂ ਤੇ ਰਿਵਾਲਵਰਾਂ ਸਮੇਤ ਵੱਡੀ ਮਾਤਰਾ ‘ਚ ਗੋਲੀਸਿੱਕਾ ਵੀ ਮਿਲਿਆ ਹੈ, ਜਿਸ ਨੂੰ ਉਹ ਕਥਿਤ ਤੌਰ ‘ਤੇ ਵੇਚਣ ਦਾ ਧੰਦਾ ਵੀ ਕਰਦੇ ਸਨ। ਫੜੀਆਂ ਗਈਆਂ ਲਗਜ਼ਰੀ ਕਾਰਾਂ ‘ਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਵਾਈਆਂ ਸਨ, ਜਿਨ੍ਹਾਂ ‘ਤੇ ਤਲਾਸ਼ੀ ਮੌਕੇ ਪੁਲਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਸ ਨੇ ਸੰਕੇਤ ਦਿੱਤਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ।