ਕੇਂਦਰੀ ਮੰਤਰੀ ਦੇ ਜਨਮ ਦਿਨ ‘ਤੇ ਅਸਤੀਫਾ ਮੰਗਿਆ

0
9

ਨਵੀਂ ਦਿੱਲੀ (ਨ ਜ਼ ਸ)
ਪ੍ਰੀਖਿਆਵਾਂ ਵਿੱਚ ਬੇਨੇਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਲਈ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦਾ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਜੰਤਰ-ਮੰਤਰ ਵਿਖੇ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਕਿਹਾ ਕਿ ਉਨ੍ਹਾਂ ਕੋਲ ਮੰਤਰੀ ਲਈ ‘ਜਨਮ ਦਿਨ ਦਾ ਤੋਹਫਾ’ ਹੈ। ਪ੍ਰਦਰਸ਼ਨ ਵਾਲੀ ਥਾਂ ਤੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੀਪਕੇ ਨੇ ਇੱਕ ਵ੍ਹਾਈਟ ਬੋਰਡ ‘ਤੇ ਲਿਖਿਆ, ”ਹੈਪੀ ਬਰਥਡੇ, ਪ੍ਰਧਾਨ। ਕਿਰਪਾ ਕਰਕੇ ਅਸਤੀਫਾ ਦਿਓ।” ਸਮਰਥਕ ਪਿਛੋਕੜ ਵਿੱਚ ਜਨਮ ਦਿਨ ਦਾ ਗੀਤ ਗਾ ਰਹੇ ਸਨ। ਦੀਪਕੇ ਨੇ ਕਿਹਾ, ”ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ, ਧਰਮਿੰਦਰ ਪ੍ਰਧਾਨ। ਸਾਡੇ ‘ਤੇ ਇੱਕ ਅਹਿਸਾਨ ਕਰੋ ਅਤੇ ਅਸਤੀਫਾ ਦਿਓ।” ਉਸ ਨੇ ਅੱਗੇ ਕਿਹਾ, ”ਤੋਹਫੇ ਵਜੋਂ ਅਸੀਂ ਤੁਹਾਨੂੰ ਅਸਤੀਫਾ ਪੱਤਰ ਭੇਜਦੇ ਹਾਂ, ਤੁਸੀਂ ਬਸ ਅੰਗੂਠਾ ਲਗਾ ਦਿਓ।” ਇਸੇ ਦੌਰਾਨ ਕਾਰਕੁੰਨ ਸੋਨਮ ਵਾਂਗਚੁਕ ਨੇ ਐਲਾਨਿਆ ਹੈ ਕਿ ਜੇ ਸਰਕਾਰ ਪੇਪਰ ਲੀਕ ਨੂੰ ਲੈ ਕੇ ਉਠਾਈਆਂ ਗਈਆਂ ਮੰਗਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੰਦੀ ਹੈ ਤਾਂ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਦੋ ਮੰਗਾਂ ‘ਤੇ ਕੇਂਦਰਤ ਹੈ : ਸਿੱਖਿਆ ਖੇਤਰ ਵਿੱਚ ਜਵਾਬਦੇਹੀ ਤੇ ਲੱਦਾਖ ਦੇ ਵਾਤਾਵਰਣ, ਸੱਭਿਆਚਾਰ ਤੇ ਲੋਕਾਂ ਦੀ ਭਲਾਈ ਪ੍ਰਤੀ ਵਧੇਰੇ ਜ਼ਿੰਮੇਵਾਰੀ। ਸਿੱਖਿਆ ਨਾਲ ਸੰਬੰਧਤ ਫੈਸਲਿਆਂ ਵਿੱਚ ਨਾਗਰਿਕਾਂ ਦੀ ਵਧੇਰੇ ਭੂਮਿਕਾ ਹੋਣੀ ਚਾਹੀਦੀ ਹੈ, ਜਦਕਿ ਲੱਦਾਖ ਦੇ ਲੋਕਾਂ ਨਾਲ ਵਾਤਾਵਰਣ ਸੰਭਾਲ ਤੇ ਉਨ੍ਹਾਂ ਦੀ ਸੱਭਿਆਚਾਰਕ ਪਛਾਣ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।