ਸੰਘ ਵੱਡਿਆਂ ਦੀ ਬਲੀ ਚੜ੍ਹਾਉਣ ਲਈ ਮਜਬੂਰ

0
4

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਯੁੱਧਿਆ ਦੇ ਰਾਮ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਚੜ੍ਹਾਵੇ ਵਿੱਚ ਹੇਰਾਫੇਰੀ ਦੇ ਮਾਮਲੇ ਨੇ ਸ਼ੁੱਕਰਵਾਰ ਨਵਾਂ ਮੋੜ ਲੈ ਲਿਆ, ਜਦੋਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ। ਚੰਪਤ ਰਾਏ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਵੀ ਆਪਣਾ ਅਸਤੀਫਾ ਟਰੱਸਟ ਨੂੰ ਭੇਜ ਦਿੱਤਾ ਹੈ। ਮੰਦਰ ਉਸਾਰੀ ਦੇ ਇੰਚਾਰਜ ਗੋਪਾਲ ਨੂੰ ਵੀ ਮੰਦਰ ਦੀ ਵਿਵਸਥਾ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਹਾਲਾਂਕਿ ਟਰੱਸਟ ਵੱਲੋਂ ਅਜੇ ਤੱਕ ਇਨ੍ਹਾਂ ਅਸਤੀਫਿਆਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਘਟਨਾਕ੍ਰਮ ਯੂ ਪੀ ਸਰਕਾਰ ਵੱਲੋਂ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀਆਂ ਸਿਫਾਰਸ਼ਾਂ ਅਤੇ 8 ਲੋਕਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਟ ਦੀ ਜਾਂਚ ਦੀ ਤਲਵਾਰ ਲਟਕਣ ਤੋਂ ਬਾਅਦ ਟਰੱਸਟ ਦੇ ਸੀਨੀਅਰ ਅਹੁਦੇਦਾਰਾਂ ‘ਤੇ ਅਹੁਦਾ ਛੱਡਣ ਦਾ ਭਾਰੀ ਦਬਾਅ ਬਣ ਗਿਆ ਸੀ। ਦੂਜੇ ਪਾਸੇ, ਕਈ ਸੱਜੇ-ਪੱਖੀ ਜਥੇਬੰਦੀਆਂ ਨੇ ਇਸ ਗੱਲ ‘ਤੇ ਤਿੱਖੇ ਸਵਾਲ ਚੁੱਕੇ ਸਨ ਕਿ ਜੇ ਚੰਪਤ ਰਾਏ ਮੰਦਰ ਦੇ ਸਾਰੇ ਪ੍ਰਬੰਧਾਂ ਅਤੇ ਵਿੱਤੀ ਮਾਮਲਿਆਂ ਦੇ ਇੰਚਾਰਜ ਸਨ, ਤਾਂ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ ਆਈ ਆਰ ਵਿੱਚ ਉਨ੍ਹਾ ਦਾ ਨਾਂਅ ਸ਼ਾਮਲ ਕਿਉਂ ਨਹੀਂ ਕੀਤਾ ਗਿਆ? ਇਸ ਵਿਵਾਦ ਦੇ ਲਗਾਤਾਰ ਤੂਲ ਫੜਨ ਅਤੇ ਰਾÎਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਤੇ ਭਾਜਪਾ ਦੇ ਅੰਦਰੂਨੀ ਹਲਕਿਆਂ ਵਿੱਚੋਂ ਵਧ ਰਹੇ ਸਿਆਸੀ ਦਬਾਅ ਕਾਰਨ, ਸੰਘ ਦੇ ਸੀਨੀਅਰ ਆਗੂ ਚੰਪਤ ਰਾਏ ਨੇ ਆਖਰਕਾਰ ਆਪਣਾ ਅਸਤੀਫਾ ਸੌਂਪਣਾ ਹੀ ਮੁਨਾਸਬ ਸਮਝਿਆ। ਚੜ੍ਹਾਵੇ ਨਾਲ ਜੁੜੇ ਇਸ ਵੱਡੇ ਵਿਵਾਦ ਨੇ ਦੇਸ਼ ਭਰ ਦੇ ਸ਼ਰਧਾਲੂਆਂ ਅਤੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ।
79 ਸਾਲਾ ਚੰਪਤ ਰਾਏ ਦਾ ਜਨਮ ਯੂ ਪੀ ਦੇ ਬਿਜਨੌਰ ਜ਼ਿਲ੍ਹੇ ਦੀ ਨਗੀਨਾ ਤਹਿਸੀਲ ਵਿੱਚ ਹੋਇਆ ਸੀ। ਭੌਤਿਕ ਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾ ਲਗਭਗ 11 ਸਾਲ ਬਿਜਨੌਰ ਦੇ ਇੱਕ ਕਾਲਜ ਵਿੱਚ ਪੜ੍ਹਾਇਆ ਅਤੇ ਰਸਮੀ ਤੌਰ ‘ਤੇ ਆਰ ਐੱਸ ਐੱਸ ਵਿੱਚ ਸ਼ਾਮਲ ਹੋਏ, ਜਿਸ ਨਾਲ ਉਹ ਬਚਪਨ ਤੋਂ ਹੀ ਜੁੜੇ ਹੋਏ ਸਨ ਅਤੇ ਪ੍ਰਚਾਰਕ ਬਣ ਗਏ। ਉਹ ਐਮਰਜੈਂਸੀ ਦੌਰਾਨ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਸ਼ਾਮਲ ਸਨ।
ਉਸ ਤੋਂ ਬਾਅਦ 1981 ਅਤੇ 1984 ਦੇ ਵਿਚਕਾਰ ਰਾਏ ਨੇ ਦੇਹਰਾਦੂਨ ਵਿੱਚ ਆਰ ਐੱਸ ਐੱਸ ਦੇ ਜ਼ਿਲ੍ਹਾ ਪ੍ਰਚਾਰਕ ਵਜੋਂ ਸੇਵਾ ਨਿਭਾਈ ਅਤੇ ਫਿਰ ਨਾਲ ਲੱਗਦੇ ਸਹਾਰਨਪੁਰ ਤੇ ਬਾਅਦ ਵਿੱਚ ਮੇਰਠ ਚਲੇ ਗਏ। ਰਾਏ ਜੁਲਾਈ 1986 ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐੱਚ ਪੀ) ਦੇ ਪ੍ਰਾਂਤ ਸਹਿ-ਸੰਗਠਨ ਸਕੱਤਰ ਬਣੇ ਅਤੇ ਬਾਅਦ ਵਿੱਚ ਇਸ ਦੀ ਇੱਕ ਖੇਤਰੀ ਇਕਾਈ ਵਿੱਚ ਸੰਗਠਨ ਸਕੱਤਰ ਵਜੋਂ ਸੇਵਾ ਨਿਭਾਈ। 1991 ਵਿੱਚ ਰਾਮ ਜਨਮ ਭੂਮੀ ਅੰਦੋਲਨ ਦੇ ਸਿਖਰ ‘ਤੇ ਰਾਏ ਨੂੰ ਅਯੁੱਧਿਆ ਭੇਜ ਦਿੱਤਾ ਗਿਆ। 1991 ਤੋਂ 1995 ਤੱਕ ਉਹ ਯੂ ਪੀ ਲਈ ਵੀ ਐੱਚ ਪੀ ਦੇ ਸਹਿ-ਸੰਗਠਨ ਸਕੱਤਰ ਸਨ। ਉਨ੍ਹਾ ਨੂੰ 1996 ਵਿੱਚ ਸੰਗਠਨ ਦੇ ਕੇਂਦਰੀ ਸਹਿ-ਸਕੱਤਰ ਵਜੋਂ ਦਿੱਲੀ ਤਬਦੀਲ ਕਰ ਦਿੱਤਾ ਗਿਆ। ਉਨ੍ਹਾ 2018 ਵਿੱਚ ਇਸ ਦੇ ਅੰਤਰਰਾਸ਼ਟਰੀ ਉਪ ਪ੍ਰਧਾਨ ਵਜੋਂ ਤਰੱਕੀ ਮਿਲਣ ਤੋਂ ਪਹਿਲਾਂ ਵੀ ਐੱਚ ਪੀ ਦੇ ਸਕੱਤਰ, ਸੰਯੁਕਤ ਜਨਰਲ ਸਕੱਤਰ ਅਤੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ। ਰਾਏ ਉਦੋਂ ਸੁਰਖੀਆਂ ਵਿੱਚ ਆਏ, ਜਦੋਂ ਉਨ੍ਹਾ ਨੂੰ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ, ਉਹ ਇਸ ਦਾ ਮੁੱਖ ਚਿਹਰਾ ਬਣ ਗਏ। ਉਨ੍ਹਾ ਅਯੁੱਧਿਆ ਦੇ ਕਾਰਸੇਵਕਪੁਰਮ ਤੋਂ ਮੰਦਰ ਦੀ ਉਸਾਰੀ ਦੀ ਨਿਗਰਾਨੀ ਕੀਤੀ, ਜੋ ਉਨ੍ਹਾ ਦਾ ਬੇਸ ਕੈਂਪ ਸੀ।