ਭਾਜਪਾ ‘ਆਪ’ ਸਮਰਥਕਾਂ ਦੀਆਂ ਵੋਟਾਂ ਕਟਵਾ ਸਕਦੀ : ਮਾਨ

0
1

ਸੰਗਰੂਰ
(ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਇੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਦੌਰਾਨ ਚੌਕਸ ਰਹਿਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਭਾਜਪਾ ਆਗਾਮੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਲਈ ‘ਆਪ’ ਸਮਰਥਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕਰ ਸਕਦੀ ਹੈ। ਮੁੱਖ ਮੰਤਰੀ ਨੇ ‘ਆਪ’ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ‘ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਸੂਬੇ ਭਰ ਦੇ ਲੋਕਾਂ ਦੇ ਜੀਵਨ ਵਿੱਚ ਵੱਡਾ ਸੁਧਾਰ ਹੋਇਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ 25 ਜੂਨ ਤੋਂ ਵੋਟਰ ਸੂਚੀਆਂ ਦੀ ਐੱਸ ਆਈ ਆਰ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਪਾਰਟੀ ਦੇ ਹਰ ਵਲੰਟੀਅਰ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਹੋ ਗਈ ਹੈ। ਉਨ੍ਹਾ ਕਿਹਾ ਕਿ ਐੱਸ ਆਈ ਆਰ ਪ੍ਰਕਿਰਿਆ ਰਾਹੀਂ ਭਾਜਪਾ ਸੂਬੇ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਸੱਤਾ ਹਥਿਆਉਣ ਲਈ ‘ਆਪ’ ਸਮਰਥਕਾਂ ਦੀਆਂ ਵੋਟਾਂ ਕੱਟਣ ਦੀ ਕੋਸ਼ਿਸ਼ ਕਰ ਸਕਦੀ ਹੈ। ਉਹਨਾ ਕਿਹਾ, “’ਚੋਣਾਂ ਜਿੱਤਣ ਲਈ ਇਹ ਭਾਜਪਾ ਦੀ ਕਾਰਜ-ਪ੍ਰਣਾਲੀ ਬਣ ਚੁੱਕੀ ਹੈ। ਹਰ ਵਲੰਟੀਅਰ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇੱਕ ਵੀ ਅਸਲੀ ਵੋਟ ਨਾ ਕੱਟੀ ਜਾਵੇ।’
ਮੁੱਖ ਮੰਤਰੀ ਨੇ ਪਾਰਟੀ ਵਲੰਟੀਅਰਾਂ ਨੂੰ ਇੱਕਜੁੱਟ ਰਹਿਣ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਂਦੇ ਹੋਏ ਦ੍ਰਿੜ੍ਹਤਾ ਨਾਲ ਵਿਰੋਧੀਆਂ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ। ਵਿਰੋਧੀ ਧਿਰ ਕੋਲ ਸਿਰਫ਼ ਇੱਕ ਹੀ ਏਜੰਡਾ ਹੈ, ਉਹ ਹੈ ਉਨ੍ਹਾ ਨੂੰ ਬਦਨਾਮ ਕਰਨਾ ਅਤੇ ਉਹ ਫਰਜ਼ੀ ਵੀਡੀਓਜ਼ ਵਾਇਰਲ ਕਰਕੇ ਸਭ ਤੋਂ ਹੇਠਲੇ ਪੱਧਰ ‘ਤੇ ਉਤਰ ਰਹੇ ਹਨ।
ਉਨ੍ਹਾ ਪਾਰਟੀ ਕਾਰਜਕਰਤਾਵਾਂ ਨੂੰ ਕਮਰ ਕੱਸਣ ਅਤੇ ਪਾਰਟੀ ਨੂੰ ਹੋਰ ਵੀ ਵੱਡੇ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਅਣਥੱਕ ਮਿਹਨਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ 100 ਤੋਂ ਵੱਧ ਸੀਟਾਂ ਜਿੱਤੇਗੀ।”