ਲਾਪਰਵਾਹੀ ਨੇ ਬਣਾਇਆ ਨੇਤਰਹੀਣ

0
7

ਭੋਪਾਲ (ਨ ਜ਼ ਸ)-ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕਥਿਤ ਤੌਰ ‘ਤੇ ਗਲਤ ਦਵਾਈ ਦਿੱਤੇ ਜਾਣ ਕਾਰਨ ਇੱਕ 19 ਮਹੀਨਿਆਂ ਦੇ ਬੱਚੇ ਦੀ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਚਲੇ ਗਈ ਹੈ। ਇਹ ਘਟਨਾ ਸੂਬੇ ਦੇ ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਵਾਪਰੀ ਹੈ। ਜ਼ਿਲ੍ਹੇ ਦੇ ਪਿੰਡ ਭੂਸਾ ਕਮਾਲਪੁਰ ਦੇ ਰਹਿਣ ਵਾਲੇ ਬੱਚੇ ਨੂੰ ਉਸ ਦੇ ਪਿਤਾ ਇੰਦਰਰਾਜ ਵਿਸ਼ਵਕਰਮਾ ਵੱਲੋਂ ਹਲਕੀ ਸਰਦੀ, ਖੰਘ ਅਤੇ ਅੱਖਾਂ ਵਿੱਚ ਲਾਲੀ ਹੋਣ ਕਾਰਨ ਬਾਂਦਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਬੱਚੇ ਦੀ ਜਾਂਚ ਬਾਲ ਰੋਗਾਂ ਦੇ ਮਾਹਰ ਡਾਕਟਰ ਹਿਮਾਂਸ਼ੂ ਵਰਮਾ ਵੱਲੋਂ ਕੀਤੀ ਗਈ ਸੀ, ਜਿਨ੍ਹਾ ਨੇ ਅੱਖਾਂ ਦੇ ਡਰੌਪਸ, ਪੈਰਾਸਿਟਾਮੋਲ ਅਤੇ ਹੋਰ ਦਵਾਈਆਂ ਲਿਖ ਕੇ ਦਿੱਤੀਆਂ ਸਨ। ਪਰਵਾਰ ਦਾ ਦੋਸ਼ ਹੈ ਕਿ ਹਸਪਤਾਲ ਦੇ ਸਟਾਫ ਨੇ ਆਈ ਡਰੌਪਸ ਪਾਉਣ ਦੀ ਬਜਾਏ ਬਲਗਮ ਸਾਫ ਕਰਨ ਵਾਲੀ (ਖੰਘ ਦੀ) ਦਵਾਈ ਪਾ ਦਿੱਤੀ। ਬੱਚੇ ਨੂੰ ਪਹਿਲਾਂ ਸਾਗਰ ਜ਼ਿਲ੍ਹਾ ਹਸਪਤਾਲ ਤੇ ਫਿਰ ਏਮਜ਼ ਭੋਪਾਲ ਲਿਜਾਇਆ ਗਿਆ। ਭੋਪਾਲ ਦੇ ਡਾਕਟਰਾਂ ਨੇ ਦੱਸਿਆ ਕਿ ਗਲਤ ਦਵਾਈ ਕਾਰਨ ਹੋਏ ਗੰਭੀਰ ਰਿਐਕਸ਼ਨ ਅਤੇ ਮੈਡੀਕਲ ਲਾਪਰਵਾਹੀ ਦੇ ਸਿੱਟੇ ਵਜੋਂ ਬੱਚੇ ਦੀ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਚਲੇ ਗਈ ਹੈ। ਕੁਝ ਦਿਨ ਪਹਿਲਾਂ, ਬੁੰਦੇਲਖੰਡ ਮੈਡੀਕਲ ਕਾਲਜ ਵਿੱਚ ਐਨਸਥੀਸੀਆ (ਬੇਹੋਸ਼ੀ ਦੀ ਦਵਾਈ) ਦੀ ਕਥਿਤ ਓਵਰਡੋਜ਼ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਦੇਵੇਂਦਰ ਪਾਠਕ ਨਾਂਅ ਦੇ ਮਰੀਜ਼ ਦੀ ਮੌਤ ਹੋ ਗਈ ਸੀ।