ਨਵੀਂ ਦਿੱਲੀ (ਨ ਜ਼ ਸ)
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੋਮਵਾਰ ਕਿਹਾ ਕਿ ਭਾਰਤ-ਪਾਕਿਸਤਾਨ ਸੰਬੰਧਾਂ ਬਾਰੇ ਵਿਦੇਸ਼ਾਂ ਵਿੱਚ ਹੋਣ ਵਾਲੀਆਂ ‘ਟਰੈਕ-2’ ਗੱਲਾਂਬਾਤਾਂ ਵਿੱਚ ਨਿੱਜੀ ਹੈਸੀਅਤ ਨਾਲ ਹਿੱਸਾ ਲੈਣ ਵਾਲੇ ਸੇਵਾਮੁਕਤ ਡਿਪਲੋਮੈਟ ਅਤੇ ਫੌਜੀ ਅਧਿਕਾਰੀਆਂ ਨਾਲ ਭਾਰਤ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਸਰਕਾਰ ਅਜਿਹੀਆਂ ਗੱਲਾਂਬਾਤਾਂ ਦਾ ਕੋਈ ਨੋਟਿਸ ਲੈਂਦੀ ਹੈ।
ਸੇਸ਼ੇਲਸ ਦੀ ਰਾਜਧਾਨੀ ਵਿਕਟੋਰੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸਰੀ ਨੇ ਇਹ ਟਿੱਪਣੀ ਕੋਲੰਬੋ ਵਿੱਚ ਪਿਛਲੇ ਹਫਤੇ ਖੇਤਰੀ ਸੁਰੱਖਿਆ ਕਾਨਫਰੰਸ ਦੇ ਮੌਕੇ ‘ਤੇ ਭਾਰਤੀ ਅਤੇ ਪਾਕਿਸਤਾਨੀ ਮਾਹਰਾਂ, ਸੇਵਾਮੁਕਤ ਫੌਜੀ ਅਧਿਕਾਰੀਆਂ, ਡਿਪਲੋਮੈਟ ਅਤੇ ਸਿਆਸਤਦਾਨਾਂ ਵਿਚਾਲੇ ਹੋਈ ‘ਟਰੈਕ-2’ ਗੱਲਬਾਤ ਸੰਬੰਧੀ ਰਿਪੋਰਟਾਂ ਦੇ ਸੰਦਰਭ ਵਿੱਚ ਕੀਤੀ। ਮਿਸਰੀ ਨੇ ਕਿਹਾ, “ਦੁਨੀਆ-ਭਰ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਅਜਿਹੇ ਦਰਜਨਾਂ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਨ੍ਹਾਂ ਵਿੱਚ ਕੁਝ ਵੀ ਨਵਾਂ ਜਾਂ ਵਿਸ਼ੇਸ਼ ਨਹੀਂ ਹੈ। ਇਹ ਨਿੱਜੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਨਿੱਜੀ ਪ੍ਰੋਗਰਾਮ ਹਨ ਅਤੇ ਇਨ੍ਹਾਂ ਦਾ ਕੋਈ ਸਰਕਾਰੀ ਸਰੋਕਾਰ ਨਹੀਂ ਹੈ।”ਉਨ੍ਹਾ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਾ ਤਾਂ ਇਨ੍ਹਾਂ ਪ੍ਰੋਗਰਾਮਾਂ ਵਿੱਚ ਕੋਈ ਅਧਿਕਾਰਤ ਭਾਗੀਦਾਰੀ ਹੁੰਦੀ ਹੈ ਅਤੇ ਨਾ ਹੀ ਕੋਈ ਸਰਕਾਰੀ ਸਮਰਥਨ ਦਿੱਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਜੇ ਭਾਰਤ ਤੋਂ ਕੋਈ ਸੇਵਾਮੁਕਤ ਡਿਪਲੋਮੈਟ, ਸੇਵਾਮੁਕਤ ਫੌਜੀ ਅਧਿਕਾਰੀ ਜਾਂ ਸਿਵਲ ਸੁਸਾਇਟੀ ਦਾ ਮੈਂਬਰ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਂਦਾ ਹੈ ਤਾਂ ਉਹ ਸਿਰਫ ਆਪਣੇ ਨਿੱਜੀ ਵਿਚਾਰ ਹੀ ਪੇਸ਼ ਕਰਦਾ ਹੈ। ਮਿਸਰੀ ਨੇ ਕਿਹਾ ਕਿ ਅਜਿਹੀਆਂ ਗੱਲਾਂਬਾਤਾਂ ਕਿਸੇ ਵੀ ਤਰੀਕੇ ਨਾਲ ਭਾਰਤ ਸਰਕਾਰ ਦੇ ਵਿਚਾਰਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ। ਉਨ੍ਹਾ ਕਿਹਾ, “ਅਸੀਂ ਅਜਿਹੇ ਸਮਾਗਮਾਂ ਦਾ ਕੋਈ ਨੋਟਿਸ ਨਹੀਂ ਲੈਂਦੇ। ਸਾਡੇ ਲਈ ਇਨ੍ਹਾਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੈ।””



