ਸੋਲਨ (ਨ ਜ਼ ਸ)-ਇੱਥੇ ਚੱਲ ਰਹੇ ਕੌਮੀ ਪੱਧਰ ਦੇ ਸ਼ੂਲਿਨੀ ਮੇਲੇ ਦੇ ਆਖਰੀ ਦਿਨ ਐਤਵਾਰ ਵੱਡੇ ‘ਮਿੱਕੀ ਮਾਊਸ’ ਝੂਲੇ ਦੀ ਅਚਾਨਕ ਹਵਾ ਨਿਕਲ ਜਾਣ ਕਾਰਨ ਲਗਪਗ 15 ਬੱਚੇ ਦੱਬੇ ਗਏ। ਕੁਝ ਹੀ ਦੇਰ ਪਹਿਲਾਂ ਹੱਸਦੇ-ਖੇਡਦੇ ਬੱਚਿਆਂ ਨਾਲ ਭਰਿਆ ਇਹ ਵੱਡਾ ਝੂਲਾ ਪੱਤਿਆਂ ਦੇ ਮਹਿਲ ਵਾਂਗ ਢਹਿ ਗਿਆ। ਜਿਵੇਂ ਹੀ ਬੱਚੇ ਭਾਰੀ ਸਿੰਥੈਟਿਕ ਮਲਬੇ ਅਤੇ ਝੂਲੇ ਦੇ ਭਾਰ ਹੇਠਾਂ ਦੱਬੇ ਗਏ, ਤਾਂ ਚੀਕ-ਚਿਹਾੜਾ ਮਚ ਗਿਆ ਅਤੇ ਮਾਪੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਭੱਜੇ।
ਮਾਪਿਆਂ ਨੇ ਦੋਸ਼ ਲਾਇਆ ਕਿ ਬੱਚਿਆਂ ਨੂੰ ਬਚਾਉਣ ਦੀ ਬਜਾਏ, ਝੂਲੇ ਦਾ ਅਪ੍ਰੇਟਰ ਅਤੇ ਉਸ ਦਾ ਸਟਾਫ ਟਿਕਟ ਕਾਊਂਟਰ ਛੱਡ ਕੇ ਫਰਾਰ ਹੋ ਗਿਆ।
ਊਨਾ ਦੇ ਰਾਹੁਲ ਕੁਮਾਰ ਨੇ ਦੱਸਿਆ ਕਿ ਉਸਦਾ 4 ਸਾਲ ਦਾ ਪੁੱਤਰ ਵੀ ਉਸ ਝੂਲੇ ‘ਤੇ ਮੌਜੂਦ ਸੀ। ਉਸਨੇ ਅਤੇ ਇੱਕ ਹੋਰ ਸਥਾਨਕ ਨਿਵਾਸੀ ਪ੍ਰਦੀਪ ਕੁਮਾਰ ਨੇ ਬਿਨਾਂ ਸਮਾਂ ਗੁਆਏ ਭਾਰੀ ਮਲਬਾ ਹਟਾ ਕੇ ਬੱਚਿਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇੱਕ-ਇੱਕ ਕਰਕੇ 12 ਤੋਂ 15 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਪ੍ਰੇਸ਼ਾਨ ਮਾਪਿਆਂ ਨੇ ਕਿਹਾ ਕਿ ਥੋੜ੍ਹੀ ਜਿਹੀ ਵੀ ਦੇਰੀ ਹੋ ਜਾਂਦੀ, ਤਾਂ ਛੋਟੇ ਬੱਚਿਆਂ ਦਾ ਦਮ ਘੁੱਟ ਸਕਦਾ ਸੀ। ਹਾਲਾਂਕਿ ਪੀੜਤ ਮਾਪਿਆਂ ਨੇ ਐਤਵਾਰ ਸ਼ਾਮ ਹੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਹ ਐੱਫ ਆਈ ਆਰ ਦਰਜ ਕਰਨ ਵਿੱਚ ਦੇਰੀ ਕਰ ਰਹੀ ਹੈ ਅਤੇ ਝੂਲੇ ਦੇ ਮਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸ ਪੀ ਸੋਲਨ ਸਾਈਂ ਦੱਤਾਤ੍ਰੇਅ ਵਰਮਾ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।



