ਸੰਗਰੂਰ ‘ਚ ਉਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਉਦਘਾਟਨ

0
5

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਸੰਗਰੂਰ ਵਿਖੇ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਉਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਏਸ਼ੀਅਨ, ਵਰਲਡ ਅਤੇ ਉਲੰਪਿਕ ਚੈਂਪੀਅਨਾਂ ਲਈ ਨਰਸਰੀ ਵਜੋਂ ਉਭਰੇਗਾ।ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਪੰਜਾਬ ਦਾ ਖੇਡ ਬਜਟ 200 ਕਰੋੜ ਰੁਪਏ ਤੋਂ ਨਹੀਂ ਵਧਾਇਆ ਸੀ, ਜਦਕਿ ਸਾਡੀ ਸਰਕਾਰ ਨੇ ਖੇਡ ਬਜਟ ਨੂੰ ਵਧਾ ਕੇ 1,790 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਪਹਿਲੀ ਵਾਰ ਪੰਜਾਬ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੀ ਮੇਜ਼ਬਾਨੀ ਹਾਸਲ ਕੀਤੀ ਹੈ ਅਤੇ ਸੂਬਾ ਹੁਣ ਅੰਤਰਰਾਸ਼ਟਰੀ ਪੱਧਰ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਕ੍ਰਿਕਟ ਅਤੇ ਹਾਕੀ ਪ੍ਰੀਮੀਅਰ ਲੀਗ ਸ਼ੁਰੂ ਕਰਨ ਲਈ ਵੀ ਤਿਆਰ ਹੈ।ਉਦਘਾਟਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਹ ਸਵਿਮਿੰਗ ਪੂਲ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਉਲੰਪਿਕ ਵਿਸ਼ੇਸ਼ਤਾਵਾਂ ਦੇ ਅਨੁਸਾਰ 9.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਪੂਲ ਦਾ ਆਕਾਰ 50 ਮੀਟਰ ਗ 21 ਮੀਟਰ ਹੈ, ਜਿਸ ਦੀ ਡੂੰਘਾਈ 4.5 ਫੁੱਟ ਤੋਂ 7.5 ਫੁੱਟ ਤੱਕ ਹੈ ਅਤੇ ਇਸ ਵਿੱਚ 2.5 ਲੱਖ ਲੀਟਰ ਪਾਣੀ ਦੀ ਸਮਰੱਥਾ ਹੈ।”ਖਿਡਾਰੀਆਂ ਤੇ ਖਿਡਾਰਨਾਂ ਦੀ ਸਹੂਲਤ ਲਈ ਵੱਖਰੇ ਆਧੁਨਿਕ ਸ਼ਾਵਰ, ਚੇਂਜਿੰਗ ਰੂਮ, ਕੋਚਾਂ ਲਈ ਵਿਸ਼ੇਸ਼ ਕਮਰੇ ਤੇ ਸਟੋਰ ਰੂਮ ਬਣਾਏ ਗਏ ਹਨ।ਆਧੁਨਿਕ ਜਿਮਨੇਜ਼ੀਅਮ ਵੀ ਸਥਾਪਤ ਕੀਤਾ ਗਿਆ ਹੈ।7 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਿਸ਼ੇਸ਼ ਮਿੰਨੀ ਸਵਿਮਿੰਗ ਪੂਲ ਵੀ ਤਿਆਰ ਕੀਤਾ ਗਿਆ ਹੈ।