ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਾਲੜਾ ਪਰਵਾਰ ਨੇ ਓ ਟੀ ਟੀ ਪਲੇਟਫਾਰਮ ਜ਼ੀ ‘ਤੇ ਸਟਰੀਮ ਹੋ ਰਹੀ ਫ਼ਿਲਮ ‘ਸਤਲੁਜ’ ਦੇ ਮੌਜੂਦਾ ਸਰੂਪ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ‘ਤੇ ਅਧਾਰਤ ਹੈ। ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਇੱਕ ਬਿਆਨ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਸਪੱਸ਼ਟ ਕੀਤਾ ਕਿ ‘ਜ਼ੀ’ ‘ਤੇ ਰਿਲੀਜ਼ ਹੋਇਆ ਵਰਸ਼ਨ ਉਹੀ ਅਸਲੀ ਅਤੇ ਮੂਲ ਰੂਪ ਹੈ, ਜੋ ਸਭ ਤੋਂ ਪਹਿਲਾਂ ਪਰਵਾਰ ਨੂੰ ਦਿਖਾਇਆ ਗਿਆ ਸੀ। ਉਨ੍ਹਾ ਕਿਹਾ ਕਿ ਫ਼ਿਲਮ ‘ਤੇ ਭਾਰੀ ਸਿਆਸੀ ਦਬਾਅ ਪਾਇਆ ਗਿਆ ਅਤੇ ਇਸ ਦੀ ਕਹਾਣੀ ਵਿੱਚ ਬਦਲਾਅ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਫ਼ਿਲਮ ਦੀ ਅਸਲ ਰੂਹ ਅਤੇ ਸੱਚਾਈ ਨੂੰ ਬਰਕਰਾਰ ਰੱਖਿਆ ਗਿਆ ਹੈ।




