ਕਾਂਗਰਸ ਹਾਈ ਕਮਾਨ ਦਾ ਰੁਖ ਸਖਤ

0
10

ਚੰਡੀਗੜ੍ਹ (ਨ ਜ਼ ਸ)-ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਬੁੱਧਵਾਰ ਮੁੜ ਕਿਹਾ ਕਿ ਇੱਕ ਵਾਰ ਹਾਈਕਮਾਂਡ ਨੇ ਜੋ ਫੈਸਲਾ ਲੈ ਲਿਆ ਹੈ, ਉਸ ਨੂੰ ਬਦਲਿਆ ਨਹੀਂ ਜਾਵੇਗਾ। ਉਨ੍ਹਾ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ‘ਚ ਕਿਹਾ ਕਿ ਇਹ ਕੋਈ ਗੁੱਡੇ-ਗੁੱਡੀ ਦੀ ਖੇਡ ਹੈ, ਹੁਣ ਕੋਈ ਫੇਰਬਦਲ ਨਹੀਂ ਹੋਵੇਗਾ। ਉਨ੍ਹਾ ਕਿਹਾ ਕਿ ਹਾਈਕਮਾਂਡ ਵੱਲੋਂ ਕੀਤੇ ਫੇਰਬਦਲ ਦਾ ਸਭ ਨੇ ਸਵਾਗਤ ਕੀਤਾ ਹੈ। ਉਨ੍ਹਾ ਕਿਹਾ ਕਿ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾ ਦੀ ਦੋ ਦਿਨ ਪਹਿਲਾਂ ਗੱਲ ਹੋਈ ਹੈ, ਪਰ ਉਹ ਬਾਹਰ ਗਏ ਹੋਏ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਲੈ ਕੇ ਬਘੇਲ ਨੂੰ ਸੰਕੇਤ ਦਿੱਤੇ ਹਨ, ਜਿਸ ਮਗਰੋਂ ਬਘੇਲ ਦਾ ਰੌਂਅ ਸਖਤ ਹੋਇਆ ਹੈ। ਚੰਨੀ ਧੜੇ ਲਈ ਇਹ ਸਪੱਸ਼ਟ ਸੁਨੇਹਾ ਹੈ, ਜਿਸ ਨੂੰ ਲੈ ਕੇ ਹੁਣ ਚੰਨੀ ਧੜਾ ਕੀ ਪੈਂਤੜਾ ਲੈਂਦਾ ਹੈ, ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ। ਬੀਤੇ ਦਿਨ ਚੰਨੀ ਧੜੇ ਨੇ ਬਘੇਲ ਨੂੰ ਮਿਲਣ ਤੋਂ ਕਿਨਾਰਾ ਕੀਤਾ ਸੀ, ਕਿਉਂਕਿ ਇਸ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਨਾਲ ਨਾਰਾਜ਼ ਹਨ ਕਿ ਬਘੇਲ ਨੇ ਕਦੇ ਵੀ ਉਨ੍ਹਾਂ ਨਾਲ ਗੱਲ ਕਰਨ ਨੂੰ ਪਹਿਲਾਂ ਤਰਜੀਹ ਨਹੀਂ ਦਿੱਤੀ ਸੀ। ਬੀਤੇ ਦਿਨ ਕਾਂਗਰਸ ਭਵਨ ‘ਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਬਘੇਲ ਨੇ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗ ਤੈਅ ਕੀਤੀ ਸੀ, ਪਰ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੀਟਿੰਗ ‘ਚ ਸ਼ਾਮਲ ਨਹੀਂ ਹੋਏ।