ਵੈਨਕੂਵਰ (ਨ ਜ਼ ਸ)
ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲਸ ਵਲੋਂ ਚਲਾਏ ਸਾਂਝੇ ਅਪ੍ਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਨਾਲ ਸੰਬੰਧਤ 37 ਵਿਅਕਤੀਆਂ ਵਿਰੁੱਧ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ‘ਚੋਂ 24 ਨੂੰ ਅਮਰੀਕਾ ਅਤੇ ਕੈਨੇਡਾ ‘ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 11 ਨੂੰ ਕਾਬੂ ਕਰਨ ਲਈ ਵੱਡੇ ਪੱਧਰ ‘ਤੇ ਕਾਰਵਾਈ ਜਾਰੀ ਹੈ।
ਦੱਸਿਆ ਗਿਆ ਹੈ ਕਿ ਤਿੰਨ ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ‘ਚ ਗੋਲਡੀ ਬਰਾੜ ਗਰੋਹ ਵੱਲੋਂ ਰਚੀ ਗਈ ਤੇ ਉਸੇ ਵੱਲੋਂ ਭਾੜੇ ਦੇ ਕਾਤਲਾਂ ਨਾਲ ਸੌਦਾ ਕੀਤਾ ਗਿਆ ਸੀ। ਜਾਂਚ ਏਜੰਸੀ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਰੋਹਾਂ ਦੇ ਮੁਖੀਆਂ ਨੂੰ ਭਾਰਤੀ ਜੇਲ੍ਹਾਂ ‘ਚ ਸਹੂਲਤਾਂ ਤੇ ਛੋਟਾਂ ਹੋਣ ਕਰਕੇ ਉਹ ਡਰੱਗ ਤਸਕਰੀ, ਗੋਲੀਬਾਰੀ ਅਤੇ ਫਿਰੌਤੀ ਦੇ ਅੰਤਰਾਸ਼ਟਰੀ ਗਰੋਹਾਂ ਦਾ ਸੰਚਾਲਨ ਕਰ ਰਹੇ ਹਨ।
ਇਸ ਦੌਰਾਨ ਅਮਰੀਕਨ ਪੁਲਸ ਨੇ ਪਤਾ ਲਾਇਆ ਹੈ ਕਿ ਪੰਜਾਬ ਪੁਲਸ ਦੇ ਕੁਝ ਮੁਲਾਜ਼ਮ ਵੀ ਇਨ੍ਹਾਂ ਗਰੋਹਾਂ ਨਾਲ ਮਿਲੇ ਹੋਏ ਹਨ। ਇਸ ਦੌਰਾਨ ਟਾਂਡਾ ਦੇ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਂਅ ਦਾ ਜ਼ਿਕਰ ਵੀ ਕੀਤਾ ਗਿਆ ਹੈ, ਜੋ ਅਮਰੀਕਾ ਦੇ ਉਹਾਈਓ ਸੂਬੇ ‘ਚ ਰਹਿੰਦੇ ਕਿਸੇ ਕਾਰੋਬਾਰੀ ਦੇ ਪਰਵਾਰ ਤੋਂ ਗੋਲਡੀ ਬਰਾੜ ਦੇ ਕਾਰਕੁਨ ਗੁਰਦੇਵ ਸਿੰਘ ਵੱਲੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਕਾਰੋਬਾਰੀ ਦੇ ਭਾਰਤ ਰਹਿੰਦੇ ਪਰਵਾਰ ਨੂੰ ਡਰਾਉਂਦਾ-ਧਮਕਾਉਂਦਾ ਰਿਹਾ ਤੇ ਉਨ੍ਹਾਂ ਉੱਤੇ ਕਤਲ ਦਾ ਨਾਜਾਇਜ਼ ਪਰਚਾ ਦਰਜ ਕਰਨ ਦੇ ਯਤਨ ਵੀ ਕੀਤੇ ਗਏ।
ਸਰੀ ਦੇ ਅਮਰੀਕਨ ਸਰਹੱਦ ਕੋਲ ਪੈਂਦੀ 156 ਸਟਰੀਟ ‘ਤੇ ਰਹਿੰਦੇ ਰਵਿੰਦਰ ਸਿੰਘ ਢੱਡਾ ਨੂੰ ਵੱਡੇ ਤਸਕਰ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਗਰੋਹਾਂ ਦੇ ਫਾਈਨੈਂਸਰ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਟਰੱਕ ਕਾਰੋਬਾਰ ਨੂੰ ਨਸ਼ਿਆਂ ਦੀ ਤਸਕਰੀ ਲਈ ਵਰਤਦਾ ਸੀ। ਤਿੰਨਾਂ ਗਰੋਹਾਂ ਵਿੱਚ ਚਾਰ ਮੈਕਸੀਕੋ ਨਿਵਾਸੀਆਂ ਦੇ ਵੀ ਨਾਂਅ ਸ਼ਾਮਲ ਹਨ। ਪੁਲਸ ਵੱਲੋਂ ਕਾਬੂ ਕੀਤੇ ਗਏ 24 ਮੁਲਜ਼ਮਾਂ ‘ਚੋਂ 11 ਕੈਲੀਫੋਰਨੀਆ ਸੂਬੇ ਨਾਲ ਅਤੇ ਤਿੰਨ ਕੈਨੇਡਾ ਨਾਲ ਸੰਬੰਧਤ ਹਨ। ਇਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਲੈਣ ‘ਤੇ ਉੱਥੋਂ 10 ਕੁਇਟਲ ਕੋਕੀਨ, ਕਈ ਮਾਰੂ ਹਥਿਆਰ, ਗੋਲੀ-ਸਿੱਕਾ ਤੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ।
ਕੈਨੇਡਾ, ਅਮਰੀਕਾ, ਮੈਕਸੀਕੋ, ਫਰਾਂਸ ਅਤੇ ਯੂ ਕੇ ਦੀਆਂ ਸੁਰੱਖਿਆ ਫੋਰਸਾਂ ਵਲੋਂ ਜਾਂਚ ਦੌਰਾਨ ਸਹਿਯੋਗ ਕਰਕੇ ਇਨ੍ਹਾਂ ਵੱਡੇ ਬਦਮਾਸ਼ ਗਰੋਹਾਂ ਤੱਕ ਪਹੁੰਚ ਬਣਾਈ ਗਈ ਤੇ ਕਈ ਮਹੀਨੇ ਉਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਗਈ। ਭਗੌੜੇ ਐਲਾਨੇ ਗਏ ਮੁਲਜ਼ਮਾਂ ਦੀ ਅੰਤਰਾਸ਼ਟਰੀ ਪੱਧਰ ‘ਤੇ ਭਾਲ ਕੀਤੀ ਜਾ ਰਹੀ ਹੈ। ਦਸੰਬਰ 2025 ਵਿੱਚ ਬਿਸ਼ਨੋਈ, ਗੋਲਡੀ ਬਰਾੜ ਦੇ ਰੋਹਿਤ ਗੋਂਦਾਰਾ ਨੇ 1000 ਓਕਸ ਰਹਿੰਦੇ ਵਿਅਕਤੀ ਤੋਂ 50 ਲੱਖ ਡਾਲਰ ਦੀ ਫਿਰੌਤੀ ਮੰਗੀ ਗਈ ਸੀ, ਜਿਨ੍ਹਾਂ ਦੀ ਭਾਲ ਜਾਰੀ ਹੈ।
ਕੈਨੇਡਾ ਰਹਿੰਦੇ ਗਰੋਹਾਂ ਦੇ ਕਾਰਕੁਨਾਂ ਵਜੋਂ ਜਸਕਰਨ ਬਾਗੜੀ (50) ਵਾਸੀ ਸਰੀ, ਕ੍ਰਿਸਟਨ ਰਹਿੰਦੇ ਗੁਰਤੇਜ ਸਿੰਘ ਸਮਾਘ ਦੇ ਨਾਂਅ ਪ੍ਰਮੁੱਖ ਹਨ। ਹਰੀ ਨਰਾਇਣ, ਮਨਦੀਪ ਕੌਰ ਦੇ ਨਾਵਾਂ ਦਾ ਵਿਸ਼ੇਸ਼ ਜਿਕਰ ਕੀਤਾ ਗਿਆ ਹੈ।




