ਮੋਗਾ (ਇਕਬਾਲ ਸਿੰਘ ਖਹਿਰਾ): ਪੁਲਸ ਨੇ ਵੀਰਵਾਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸਦਰ ਥਾਣੇ ਵੱਲ ਜਾਣ ਤੋਂ ਰੋਕ ਦਿੱਤਾ। ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ ਥਾਣੇ ਜਾ ਕੇ ਗ੍ਰਨੇਡ ਧਮਾਕੇ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨਗੇ, ਪਰ ਜਿਵੇਂ ਹੀ ਦੁਪਹਿਰ ਵੇਲੇ ਉਹ ਕਾਫਲੇ ਨਾਲ ਮੋਗਾ ‘ਚ ਦਾਖਲ ਹੋÂ, ਤਾਂ ਡੀ ਐੱਸ ਪੀ ਦੀ ਅਗਵਾਈ ਹੇਠ ਭਾਰੀ ਪੁਲਸ ਫੋਰਸ ਨੇ ਉਨ੍ਹਾ ਨੂੰ ਰਸਤੇ ਵਿੱਚ ਹੀ ਰੋਕ ਲਿਆ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਮੰਤਰੀ ਨੂੰ ਹਮਲੇ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਮੰਤਰੀ ਨਾਲ ਆਏ ਆਗੂਆਂ ਨੇ ਪੰਜਾਬੀ ਏਕਤਾ ਦੇ ਨਾਅਰੇ ਲਗਾਏ। ਬੀਤੇ ਦਿਨ ਤੜਕਸਾਰ ਮੋਗਾ ਦੇ ਥਾਣਾ ਸਦਰ ‘ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹੈਂਡ ਗ੍ਰਨੇਡ ਸੁੱਟ ਕੇ ਹਮਲਾ ਕਰ ਦਿੱਤਾ ਸੀ। ਪੁਲਸ ਸੂਤਰਾਂ ਅਨੁਸਾਰ ਧਮਾਕੇ ਵਿੱਚ ਵਰਤਿਆ ਗਿਆ ਪਦਾਰਥ ਘੱਟ ਸ਼ਕਤੀਸ਼ਾਲੀ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਹਾਲਾਂਕਿ ਥਾਣੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲਸ ਨੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਜਤਨ ਕਰ ਰਹੀ ਹੈ।





