ਵੈਨਕੂਵਰ : ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਕਮਿਸ਼ਨਰ ਦੀ ਤਰਫ਼ੋਂ ਪੈਸਫਿਕ ਖੇਤਰ ਦੇ ਫੈਡਰਲ ਮੀਡੀਆ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ‘ਅਪਰੇਸ਼ਨ ਹਾਰਡ ਬਾਲ’ ਰਾਹੀਂ ਨਸ਼ਾ ਤਸਕਰੀ, ਹਿੰਸਾ ਅਤੇ ਕਤਲਾਂ ਦੇ ਮਾਮਲਿਆਂ ਵਿੱਚ ਸ਼ਾਮਲ ਵੈੱਸਟ ਵੈਨਕੂਵਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਦਿਓ (40) ਨੂੰ ਫਰਾਂਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਜਲਦ ਹੀ ਅਮਰੀਕਾ ਲਿਆਂਦਾ ਜਾ ਰਿਹਾ ਹੈ। ਗੁਰਿੰਦਰ ਦਿਓ ਉਸੇ ਪਿੰਦੀ ਦਿਓ ਦੇ ਪਰਵਾਰ ਵਿੱਚੋਂ ਹੈ, ਜਿਸ ਦਾ ਨਾਂਅ ਪੰਜਾਬ ਦੇ ਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਕਾਂਡ ਵਿੱਚ ਸਾਹਮਣੇ ਆਇਆ ਸੀ ਅਤੇ ਗੁਰਿੰਦਰ ਦੇ ਇੱਕ ਭਰਾ ਸੁੱਖ ਦਿਓ (34) ਦੀ ਕੁਝ ਸਾਲ ਪਹਿਲਾਂ ਟੋਰਾਂਟੋ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਦਾ ਦਾਅਵਾ ਹੈ ਕਿ ਗੁਰਿੰਦਰ ਦਿਓ, ਉਸ ਦੀ ਪਤਨੀ, ਭੈਣ ਅਤੇ ਜੀਜੇ ਦੀ ਮਾਲਕੀ ਵਾਲੇ 55 ਲੱਖ ਡਾਲਰ ਦੀ ਕੀਮਤ ਦੇ ਤਿੰਨ ਘਰ ਗੈਰ-ਕਾਨੂੰਨੀ ਕਮਾਈ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਕਬਜ਼ੇ ਵਿੱਚ ਲਿਆ ਜਾਵੇਗਾ। ਇਸੇ ਕੇਸ ਵਿੱਚ ਰਵਿੰਦਰ ਢੰਡਾ, ਜਸਕਰਨ ਬਾਗੜੀ ਅਤੇ ਗੁਰਦੇਵ ਸਮਾਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਕੈਨੇਡਾ-ਅਮਰੀਕਾ ਦਰਮਿਆਨ ਨਵਾਂ ਪੁਲ ਹੋਵੇਗਾ ਛੇਤੀ ਚਾਲੂ
ਵੈਨਕੂਵਰ : ਕੈਨੇਡਾ ਅਤੇ ਅਮਰੀਕਾ ਦਰਮਿਆਨ ਆਰ-ਪਾਰ ਆਵਾਜਾਈ ਲਈ ਡੈਟਰੋਇਟ ਦਰਿਆ ਉੱਤੇ ਬਣਾਇਆ ਗਿਆ 6 ਲੇਨ ਵਾਲਾ ਵਿਸ਼ਾਲ ਪੁਲ ਜਲਦ ਹੀ ਚਾਲੂ ਹੋਣ ਜਾ ਰਿਹਾ ਹੈ। ਭਾਰੀ ਵਾਹਨਾਂ, ਦੋ-ਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖਰੇ ਰਸਤਿਆਂ ਵਾਲਾ ਇਹ ਮਜ਼ਬੂਤ ਤਾਰਾਂ ‘ਤੇ ਟਿਕਿਆ ਢਾਈ ਕਿਲੋਮੀਟਰ ਲੰਮਾ, 123 ਫੁੱਟ ਚੌੜਾ ਅਤੇ 272 ਫੁੱਟ ਉੱਚਾ ਪੁਲ ਕੈਨੇਡਾ ਦੇ ਸ਼ਹਿਰ ਵਿੰਡਸਰ ਅਤੇ ਅਮਰੀਕੀ ਸੂਬੇ ਮਿਸ਼ੀਗਨ ਦੇ ਸ਼ਹਿਰ ਡੈਟਰੋਇਟ ਨੂੰ ਆਪਸ ਵਿੱਚ ਜੋੜੇਗਾ। ਇਹ ਪੁਲ ਕੈਨੇਡਾ ਦੇ ਹਾਈਵੇਅ 401 ਅਤੇ ਅਮਰੀਕਾ ਦੇ ਹਾਈਵੇਅ 75 ਦਾ ਇੱਕ ਅਹਿਮ ਜੋੜ ਬਣੇਗਾ। ਸਾਲ 2018 ਵਿੱਚ ਸ਼ੁਰੂ ਹੋਈ ਇਸ ਪੁਲ ਦੀ ਉਸਾਰੀ ਅੱਠ ਸਾਲਾਂ ਵਿੱਚ ਮੁਕੰਮਲ ਹੋਈ ਹੈ। ਇਹ ਪੁਲ 90 ਸਾਲ ਪੁਰਾਣੇ ‘ਅੰਬੈਸਡਰ ਬ੍ਰਿਜ’ ਦੀ ਥਾਂ ਲਵੇਗਾ, ਜੋ ਹੁਣ ਦੋਵਾਂ ਦੇਸ਼ਾਂ ਦੀ ਵਧਦੀ ਆਵਾਜਾਈ ਦਾ ਭਾਰ ਝੱਲਣ ਤੋਂ ਅਸਮਰੱਥ ਹੋ ਗਿਆ ਸੀ। 6 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋਏ ਇਸ ਪੁਲ ਦੇ ਖਰਚੇ ਦੀ ਵੰਡ ਦੋਵਾਂ ਦੇਸ਼ਾਂ ਨੇ ਬਰਾਬਰ ਕੀਤੀ ਹੈ। ਵਾਹਨਾਂ ਨੂੰ ਇਸ ਪੁਲ ਦੀ ਵਰਤੋਂ ਕਰਨ ਬਦਲੇ ਟੋਲ ਟੈਕਸ ਭਰਨਾ ਪਵੇਗਾ।




