ਕਪੂਰਥਲਾ : ਸਥਾਨਕ ਮਾਲ ਰੋਡ ਸਥਿਤ ਪੌਸ਼ ਇਲਾਕੇ ‘ਸਨੀ ਸਾਈਡ’ ਤੋਂ ਇੱਕ ਹੈਰਾਨ ਕਰਨ ਵਾਲੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਾਊਸ ਪੇਂਟਰ ਨੇ ਬਜ਼ੁਰਗ ਜੋੜੇ ਨੂੰ ਕਰੀਬ ਪੰਜ ਘੰਟੇ ਬੰਦੀ ਬਣਾ ਕੇ ਰੱਖਿਆ ਅਤੇ ਫਿਰ ਸੋਨੇ-ਹੀਰੇ ਦੇ ਗਹਿਣੇ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਫਰਾਰ ਹੋ ਗਿਆ। ਪੀੜਤਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਮੁਲਜ਼ਮ ਦੀ ਪਛਾਣ ਰਣਜੀਤ ਸਿੰਘ, ਵਾਸੀ ਪਿੰਡ ਰਾਜਾਪੁਰ ਵਜੋਂ ਹੋਈ ਹੈ, ਜੋ ਪਿਛਲੇ 20 ਦਿਨਾਂ ਤੋਂ ਘਰ ਵਿੱਚ ਪੇਂਟਿੰਗ ਦਾ ਕੰਮ ਕਰ ਰਿਹਾ ਸੀ। ਪਰਵਾਰ ਉਸ ਨੂੰ ਕਾਫੀ ਸਮੇਂ ਤੋਂ ਜਾਣਦਾ ਸੀ ਅਤੇ ਉਸ ‘ਤੇ ਏਨਾ ਭਰੋਸਾ ਕਰਦਾ ਸੀ ਕਿ ਉਸ ਨੂੰ ਘਰ ਵਿੱਚ ਆਉਣ-ਜਾਣ ਦੀ ਖੁੱਲ੍ਹ ਦਿੱਤੀ ਹੋਈ ਸੀ। ਪੁਲਸ ਅਨੁਸਾਰ ਜਦੋਂ ਘਰ ਦੇ ਮਾਲਕ ਪਵਨ ਕੁਮਾਰ ਅਤੇ ਉਨ੍ਹਾ ਦੀ ਪਤਨੀ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਸਨ ਤੰ ਮੁਲਜ਼ਮ ਅਚਾਨਕ ਲੋਹੇ ਦੀ ਰਾਡ ਲੈ ਕੇ ਕਮਰੇ ਵਿੱਚ ਦਾਖਲ ਹੋਇਆ, ਉਨ੍ਹਾਂ ਦੇ ਮੋਬਾਇਲ ਫੋਨ ਖੋਹ ਲਏ ਅਤੇ ਪਵਨ ਕੁਮਾਰ ‘ਤੇ ਵਾਰ-ਵਾਰ ਹਮਲਾ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਜਦੋਂ ਉਨ੍ਹਾ ਦੀ ਪਤਨੀ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਕਥਿਤ ਤੌਰ ‘ਤੇ ਇੱਕ ਰਿਵਾਲਵਰ ਕੱਢ ਕੇ ਉਸ ਦੇ ਸਿਰ ‘ਤੇ ਤਾਣ ਦਿੱਤਾ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਉਸ ਨੇ ਦੋਵਾਂ ਨੂੰ ਇੱਕ ਕਮਰੇ ਵਿੱਚ ਡੱਕ ਕੇ ਬਾਹਰੋਂ ਤਾਲਾ ਲਗਾ ਦਿੱਤਾ। ਬਜ਼ੁਰਗ ਜੋੜਾ ਕਰੀਬ ਪੰਜ ਘੰਟੇ ਤੱਕ ਬੰਦ ਰਿਹਾ, ਜਦ ਕਿ ਮੁਲਜ਼ਮ ਨੇ ਘਰ ਦੀ ਤਲਾਸ਼ੀ ਲਈ, ਅਲਮਾਰੀਆਂ ਅਤੇ ਲਾਕਰ ਤੋੜੇ ਅਤੇ ਲੱਖਾਂ ਰੁਪਏ ਦੇ ਸੋਨੇ-ਹੀਰੇ ਦੇ ਗਹਿਣੇ, ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਫਰਾਰ ਹੋ ਗਿਆ। ਇਸ ਘਟਨਾ ਦਾ ਰਾਤ 8 ਵਜੇ ਦੇ ਕਰੀਬ ਪਤਾ ਲੱਗਾ, ਜਦੋਂ ਪਵਨ ਕੁਮਾਰ ਦਾ ਬੇਟਾ ਰੋਹਿਤ ਅਤੇ ਉਨ੍ਹਾ ਦਾ ਪੋਤਾ ਘਰ ਪਰਤੇ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।




