ਚੰਡੀਗੜ੍ਹ : ਮੁਕਤਸਰ ਦੇ ਬਲਮਗੜ੍ਹ ਰੋਡ ਅਤੇ ਭਾਗਸਰ ਰੋਡ ‘ਤੇ ਸੈਂਕੜੇ ਏਕੜ ਰਕਬੇ ਵਿੱਚ ਸਬਜ਼ੀਆਂ, ਫਲਾਂ ਅਤੇ ਹੋਰ ਫ਼ਸਲਾਂ ਦੀ ਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਸਿੰਚਾਈ ਕੀਤੀ ਜਾ ਰਹੀ ਹੈ ਹਾਲਾਂ ਕਿ ਸੀਵਰੇਜ ਦਾ ਇਹ ਪਾਣੀ ਲਾਉਣਾ ਕਿਸਾਨਾਂ ਦੀ ਮਜ਼ਬੂਰੀ ਹੈ ਪਰੰਤੂ ਇਸ ਨਾਲ ਮਨੁੱਖੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਟਰੀਟਮੈਂਟ ਪਲਾਂਟ ਤੋਂ ਬਿਨਾਂ ਸਾਫ਼ ਕੀਤੇ ਸੀਵਰੇਜ ਦੇ ਪਾਣੀ ਨੂੰ ਪੱਕੇ ਖਾਲ ਰਾਹੀਂ ਭਾਗਸਰ ਡਰੇਨ ਵੱਲ ਭੇਜਿਆ ਜਾਂਦਾ ਹੈ। ਦਰਅਸਲ, ਇਸ ਪਾਣੀ ਵਿਚਲਾ ਪਾਰਾ, ਤੇਜ਼ਾਬ, ਰਸਾਇਣ, ਭਾਰੀ ਧਾਤਾਂ, ਬੈਕਟੀਰੀਆ ਅਤੇ ਹੋਰ ਜ਼ਹਿਰੀਲੇ ਤੱਤ ਸਬਜ਼ੀਆਂ ਤੇ ਹੋਰ ਫ਼ਸਲਾਂ ‘ਚ ਸ਼ਾਮਲ ਹੋ ਜਾਂਦੇ ਹਨ ਅਤੇ ਅੱਗੋਂ ਇਹੀ ਫ਼ਸਲਾਂ ਮੰਡੀ ਰਾਹੀਂ ਘਰਾਂ ਤੱਕ ਤੇ ਫਿਰ ਸਰੀਰਾਂ ਦੇ ਅੰਦਰ ਪੁੱਜਦੀਆਂ ਹਨ। ਸਬਜ਼ੀਆਂ ਬੀਜਣ ਵਾਲੇ ਇਕ ਕਿਸਾਨ ਨੇ ਦੱਸਿਆ ਕਿ ਸੀਵਰੇਜ ਵਾਲਾ ਪਾਣੀ ਜੇ ਸਿੱਧਾ ਲਾਈਏ ਤਾਂ ਫ਼ਸਲਾਂ ਮੱਚ ਜਾਂਦੀਆਂ ਹਨ, ਕਿਉਂਕਿ ਇਸ ਵਿੱਚ ਰਸਾਇਣ ਹੁੰਦੇ ਹਨ। ਇਸ ਲਈ ਜੇਕਰ ਇਸ ਨੂੰ ਸਾਫ਼ ਪਾਣੀ ਨਾਲ ਮਿਲਾ ਕੇ ਲਾਈਏ ਤਾਂ ਇਹ ਸਬਜ਼ੀਆਂ ਲਈ ਬਹੁਤ ਉਪਜਾਊ ਹੁੰਦਾ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਅਤੇ ਹੋਰ ਫ਼ਸਲਾਂ ਨੂੰ ਟਰੈਕਟਰਾਂ ਰਾਹੀਂ (ਪੰਪਾਂ ਨਾਲ) ਚੁੱਕ ਕੇ ਪਾਣੀ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਪਾਣੀ ਵਾਲਾ ਖਾਲ, ਜੋ ਕਰੀਬ 10 ਫੁੱਟ ਚੌੜਾ ਹੈ, ਉਹ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ‘ਚ ਬਣਿਆ ਹੋਇਆ ਹੈ ਅਤੇ ਸਰਕਾਰ ਵੱਲੋਂ ਇਸ ਦਾ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਸੀਵਰੇਜ ਵਿਭਾਗ ਪਾਣੀ ਨੂੰ ਸਾਫ਼ ਕਰਕੇ ਭੇਜੇ ਤਾਂ ਜੋ ਉਨ੍ਹਾਂ ਦੀਆਂ ਫ਼ਸਲਾਂ ਕੀਟਾਣੂ-ਮੁਕਤ ਹੋ ਸਕਣ। ਦੂਸਰੇ ਪਾਸੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਪਾਣੀ ਭਾਗਸਰ ਡਰੇਨ ਵਿੱਚ ਪਾਉਣ ਲਈ ਛੱਡਿਆ ਜਾਂਦਾ ਹੈ। ਜੇਕਰ ਕੋਈ ਕਿਸਾਨ ਇਹ ਪਾਣੀ ਸਿੱਧੇ ਰੂਪ ਵਿੱਚ ਖੇਤਾਂ ਨੂੰ ਲਾਉਂਦਾ ਹੈ, ਤਾਂ ਇਹ ਉਸ ਦੀ ਆਪਣੀ ਜ਼ਿੰਮੇਵਾਰੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਅਣਸੋਧੇ ਪਾਣੀ ਨਾਲ ਤਿਆਰ ਹੋਈਆਂ ਸਬਜ਼ੀਆਂ, ਫਲ ਅਤੇ ਹੋਰ ਫ਼ਸਲਾਂ ਵਿੱਚ ਕਈ ਬੀਮਾਰੀਆਂ ਦੇ ਕੀਟਾਣੂ ਸ਼ਾਮਲ ਹੋ ਜਾਂਦੇ ਹਨ। ਇਸ ਨਾਲ ਪੇਟ ਦੀਆਂ ਬੀਮਾਰੀਆਂ, ਅੰਤੜੀਆਂ ਦੇ ਰੋਗ ਅਤੇ ਹੋਰ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ।





