ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਭਾਰਤ ਸਰਕਾਰ ਨੂੰ ਅਮਰੀਕਾ ਨਾਲ ਵਪਾਰ ਸੰਧੀ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।ਇਸ ਨਾਲ ਭਾਰਤੀ ਕਿਸਾਨ, ਮਜ਼ਦੂਰ ਅਤੇ ਛੋਟੇ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋਵੇਗਾ।ਇਸ ਸੰਭਾਵਤ ਸਮਝੌਤੇ ਵਿਰੁੱਧ 22 ਜੁਲਾਈ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਤਿੰਨ ਘੰਟਿਆਂ ਲਈ ਫਰੀ ਕੀਤੇ ਜਾਣਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਨ੍ਹਾਂ ਐਕਸ਼ਨਾਂ ਦੀ ਕਾਮਯਾਬੀ ਸੰਬੰਧੀ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾਈ ਕੌਂਸਲ ਮੀਟਿੰਗ ਬਲਦੇਵ ਸਿੰਘ ਨਿਹਾਲਗੜ੍ਹ ਤੇ ਮਹਾਂਬੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਸਾਬਕਾ ਐੱਮ ਐੱਲ ਏ ਹਰਦੇਵ ਅਰਸ਼ੀ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸੂਬਾਈ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰਨਾ ਬੰਦ ਕਰੇ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਖਤਮ ਕੀਤੀ ਪੰਜਾਬ ਦੀ ਪੱਕੀ ਨੁਮਾਇੰਦਗੀ ਮੁੜ ਬਹਾਲ ਕੀਤੀ ਜਾਵੇ।ਰਿਪੇਰੀਅਨ ਸਟੇਟ ਮੰਨਦਿਆਂ ਪੰਜਾਬ ਦੇ ਪਾਣੀਆਂ ‘ਤੇ ਮਾਲਕੀ ਹੱਕ ਦਿੱਤਾ ਜਾਵੇ।ਭਾਰਤ ਵਿੱਚ ਸਟੇਟਾਂ ਨੂੰ ਵੱਧ ਅਧਿਕਾਰ ਦੇ ਕੇ ਸਹੀ ਮਾਅਨਿਆਂ ਵਿੱਚ ਫੈਡਰਲ ਢਾਂਚਾ ਵਿਕਸਤ ਕੀਤਾ ਜਾਵੇ।ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਹੜ੍ਹਾਂ ਤੋਂ ਬਚਾਓ ਲਈ ਅਗਾਊਂ ਪ੍ਰਬੰਧ ਤੇਜ਼ ਕੀਤੇ ਜਾਣ, ਜਿਸ ਨਾਲ ਇਸ ਬਰਸਾਤੀ ਰੁੱਤ ਵਿੱਚ ਹੜ੍ਹਾਂ ਦੀ ਮਾਰ ਤੋਂ ਬਚਾਅ ਹੋ ਸਕੇ।ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਵਾਹਗਾ ਬਾਰਡਰ ਤੇ ਹੁਸੈਨੀਵਾਲਾ ਸਰਹੱਦ ਰਾਹੀਂ ਪਾਕਿਸਤਾਨ ਨਾਲ ਵਪਾਰ ਤੁਰੰਤ ਸ਼ੁਰੂ ਕੀਤਾ ਜਾਵੇ, ਤਾਂ ਜੋ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਨੂੰ ਲਾਭ ਮਿਲਦਿਆਂ ਦੇਸ਼ ਦੇ ਵਪਾਰ ਨੂੰ ਵੱਡਾ ਹੁਲਾਰਾ ਮਿਲੇ।ਇਸ ਮੀਟਿੰਗ ਵਿੱਚ ਵਿਸ਼ੇਸ਼ ਮਤਾ ਪਾਸ ਕਰਕੇ ਸੇਰੋਂ ਖੰਡ ਮਿੱਲ ਮੋਰਚੇ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸੇਰੋਂ ਖੰਡ ਮਿੱਲ ਦੀ ਤਬਦੀਲ ਕੀਤੀ ਮਲਕੀਅਤ ਰੱਦ ਕਰਕੇ ਮਿੱਲ ਨੂੰ ਮੁੜ ਚਾਲੂ ਕੀਤਾ ਜਾਵੇ।ਪੰਜਾਬ ਵਿੱਚ ਖ਼ਾਸ ਤੌਰ ‘ਤੇ ਕੰਢੀ ਖੇਤਰ ਤੇ ਮਾਲਵਾ ਖੇਤਰ ਵਿੱਚ ਜੰਗਲੀ ਜਾਨਵਰਾਂ ਤੇ ਅਵਾਰਾ ਪਸ਼ੂਆਂ ਸਮੇਤ ਆਵਾਰਾ ਕੁੱਤਿਆਂ ਵੱਲੋਂ ਕੀਤੇ ਜਾ ਰਹੇ ਨੁਕਸਾਨ ਨੂੰ ਕਾਬੂ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਜਾਣ।ਮੀਟਿੰਗ ਵੱਲੋਂ ਸਰਬ-ਸੰਮਤੀ ਨਾਲ ਸੂਬਾ ਵਰਕਿੰਗ ਕਮੇਟੀ ਵਿੱਚ ਹਰਦੇਵ ਸਿੰਘ ਅਰਸ਼ੀ ਨੂੰ ਸੂਬਾ ਮੀਤ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 1 ਅਗਸਤ ਤੋਂ 3 ਅਗਸਤ ਤੱਕ ਚੰਡੀਗੜ੍ਹ ਵਿਖੇ ਕਿਸਾਨ ਵਰਕਸ਼ਾਪ ਲਗਾਈ ਜਾਵੇਗੀ, ਜਿਸ ਵਿੱਚ ਖੇਤੀ ਅਤੇ ਪੰਜਾਬ ਦੇ ਮੁੱਦਿਆਂ ਦੇ ਮਾਹਰ ਵਿਦਵਾਨ ਕਿਸਾਨਾਂ ਨੂੰ ਵੱਖ-ਵੱਖ ਮੁੱਦਿਆਂ ‘ਤੇ ਜਾਗਰੂਕ ਕਰਨਗੇ।
ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਾਮਲ ਕਿਸਾਨ ਸਭਾ ਦੇ ਆਗੂ ਕੁਲਵੰਤ ਸਿੰਘ ਮੌਲਵੀਵਾਲਾ, ਸੁਰਿੰਦਰ ਸਿੰਘ ਢੰਡੀਆਂ, ਲਖਬੀਰ ਸਿੰਘ ਨਿਜ਼ਾਮਪੁਰ, ਸੂਰਤ ਸਿੰਘ ਧਰਮਕੋਟ, ਬਲਕਾਰ ਸਿੰਘ ਵਲਟੋਹਾ, ਚਮਕੌਰ ਸਿੰਘ ਬਰਮੀ, ਜਸਵੀਰ ਸਿੰਘ ਆਕਲੀਆ, ਜਸਵਿੰਦਰ ਸਿੰਘ ਭੰਗਲ, ਬਲਵਿੰਦਰ ਸਿੰਘ ਮੁਹਾਲੀ, ਸੁਖਜਿੰਦਰ ਸਿੰਘ ਤੂੰਬੜਭੰਨ, ਗੁਰਨਾਮ ਸਿੰਘ ਔਲਖ, ਗੁਰਦਿੱਤ ਸਿੰਘ ਫਿਰੋਜ਼ਪੁਰ, ਸੁਰਿੰਦਰ ਸਿੰਘ ਮੁਹਾਲੀ, ਲਖਬੀਰ ਸਿੰਘ ਕੱਤੋਵਾਲ, ਰੂਪ ਸਿੰਘ ਢਿੱਲੋਂ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।




