ਨਵੀਂ ਦਿੱਲੀ (ਨ ਜ਼ ਸ)
‘ਮੈਂ ਖੁਦਕੁਸ਼ੀ ਕਰ ਲਵਾਂਗਾ।’ ਇਹ ਸ਼ਬਦ 2012 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੇਲੇ ਦੇ ਮੁੱਖ ਚੋਣ ਕਮਿਸ਼ਨਰ ਐੱਸ ਵਾਈ ਕੁਰੈਸ਼ੀ ਨੂੰ ਕਹੇ ਸਨ, ਜਦੋਂ ਚੋਣ ਕਮਿਸ਼ਨ ਦੇ ਕੰਮਕਾਜ ਬਾਰੇ ਕੁਝ ਮੰਤਰੀਆਂ ਦੇ ਬੇਤੁਕੇ ਬਿਆਨਾਂ ਤੋਂ ਦੁਖੀ ਕੁਰੈਸ਼ੀ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਮਨਮੋਹਨ ਸਿੰਘ ਨੇ ਕੁਰੈਸ਼ੀ ਨੂੰ ਇਹ ਵੀ ਕਿਹਾ, ‘ਚੋਣ ਕਮਿਸ਼ਨ ਨਾ ਸਿਰਫ ਭਾਰਤ ਦਾ ਮਾਣ ਹੈ, ਸਗੋਂ ਦੇਸ਼ ਦੇ ਲੋਕਤੰਤਰ ਦੀ ਆਤਮਾ ਹੈ ਅਤੇ ਜੇ ਅਸੀਂ ਇਸ ਨੂੰ ਗੁਆ ਦਿੰਦੇ ਹਾਂ, ਤਾਂ ਅਸੀਂ ਸਭ ਕੁਝ ਗੁਆ ਦੇਵਾਂਗੇ।’ ਕੁਰੈਸ਼ੀ ਨੇ ਆਪਣੀ ਆਉਣ ਵਾਲੀ ਕਿਤਾਬ, ‘ਇੰਡੀਆ ਐਂਡ ਆਈ: ਏ ਹੰਡ੍ਰੇਡ ਮੈਮੋਰੀਜ਼, ਨਾਟ ਏ ਮੈਮੋਇਰ’ ਵਿੱਚ ਇਸ ਦਿਲਚਸਪ ਗੱਲਬਾਤ ਦਾ ਜ਼ਿਕਰ ਕੀਤਾ ਹੈ।
ਕੁਰੈਸ਼ੀ ਕਿਤਾਬ ਵਿੱਚ ਡਾ. ਮਨਮੋਹਨ ਸਿੰਘ ਨੂੰ ਇੱਕ ਅਜਿਹੇ ਨੇਤਾ ਵਜੋਂ ਯਾਦ ਕਰਦੇ ਹਨ, ਜਿਨ੍ਹਾ ਲਈ ਸੰਵਿਧਾਨਕ ਮਰਿਆਦਾ ਸਿਰਫ ਭਾਸ਼ਣਾਂ ਤੱਕ ਸੀਮਤ ਨਹੀਂ ਸੀ, ਸਗੋਂ ਉਨ੍ਹਾ ਦੇ ਆਚਰਣ ਅਤੇ ਸੋਚ ਦਾ ਇੱਕ ਅਨਿੱਖੜਵਾਂ ਅੰਗ ਸੀ। ਕੁਰੈਸ਼ੀ ਮੁਤਾਬਕ ਜਨਵਰੀ 2012 ਵਿੱਚ ਯੂ ਪੀ ਅਸੈਂਬਲੀ ਚੋਣਾਂ ਵੇਲੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਇੱਕ ਚੋਣ ਰੈਲੀ ਵਿੱਚ ਵਾਅਦਾ ਕੀਤਾ ਕਿ ਜੇ ਉਨ੍ਹਾ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਨੌਕਰੀਆਂ ਵਿੱਚ ਮੁਸਲਮਾਨਾਂ ਲਈ ਰਾਖਵਾਂਕਰਨ 4.5 ਪ੍ਰਤੀਸ਼ਤ ਤੋਂ ਵਧਾ ਕੇ 9 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਭਾਜਪਾ ਨੇ ਤੁਰੰਤ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ, ਇਹ ਕਹਿੰਦੇ ਹੋਏ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੋਈ ਨਵੀਂ ਯੋਜਨਾ ਦਾ ਐਲਾਨ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਨੇ ਚਾਰ ਦਿਨ ਸੁਣਵਾਈ ਕੀਤੀ। ਕਾਂਗਰਸ ਵੱਲੋਂ ਅਭਿਸ਼ੇਕ ਮਨੂੰ ਸਿੰਘਵੀ ਅਤੇ ਭਾਜਪਾ ਵੱਲੋਂ ਅਰੁਣ ਜੇਤਲੀ ਨੇ ਦਲੀਲ ਦਿੱਤੀ। ਅੰਤ ਵਿੱਚ ਚੋਣ ਕਮਿਸ਼ਨ ਨੇ ਖੁਰਸ਼ੀਦ ਦੀ ਨਿੰਦਾ ਕੀਤੀ। ਇਹ ਆਦਰਸ਼ ਚੋਣ ਜ਼ਾਬਤੇ ਦੇ ਤਹਿਤ ਕਮਿਸ਼ਨ ਕੋਲ ਉਪਲੱਬਧ ਸਭ ਤੋਂ ਸਖਤ ਕਾਰਵਾਈ ਸੀ। ਖੁਰਸ਼ੀਦ ਕਮਿਸ਼ਨ ਦੀ ਕਾਰਵਾਈ ਤੋਂ ਸਪੱਸ਼ਟ ਤੌਰ ‘ਤੇ ਨਾਰਾਜ਼ ਸਨ। ਇਸ ਤੋਂ ਬਾਅਦ ਕਾਂਗਰਸ ਦੇ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ ਕਿ ਚੋਣ ਕਮਿਸ਼ਨ ਹੰਕਾਰ ਗਿਆ ਹੈ।
ਕੁਰੈਸ਼ੀ ਨੇ ਈਦ ਦੇ ਮੌਕੇ ‘ਤੇ ਆਪਣੇ ਘਰ ‘ਤੇ ਆਪਣਾ ਸਾਲਾਨਾ ਮਿਲਣ-ਜੁਲਣ ਦਾ ਪ੍ਰੋਗਰਾਮ ਰੱਖਿਆ। ਮਹਿਮਾਨਾਂ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੇ ਪ੍ਰੈੱਸ ਸਕੱਤਰ ਹਰੀਸ਼ ਖਰੇ ਵੀ ਸਨ। ਗੱਲਬਾਤ ਦੌਰਾਨ ਕੁਰੈਸ਼ੀ ਨੇ ਉਨ੍ਹਾ ਨੂੰ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਰੀਸ਼ ਖਰੇ ਨੇ ਪੁੱਛਿਆ, ‘ਕੀ ਮੈਨੂੰ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ? ‘ ਕੁਰੈਸ਼ੀ ਨੇ ਜਵਾਬ ਦਿੱਤਾ, ‘ਹਾਂ, ਇਹੀ ਮੈਂ ਤੁਹਾਨੂੰ ਦੱਸਣ ਲਈ ਕਹਿ ਰਿਹਾ ਹਾਂ।’
ਅਗਲੇ ਦਿਨ ਕੁਰੈਸ਼ੀ ਦੇ ਫੋਨ ਦੀ ਘੰਟੀ ਵੱਜੀ। ਫੋਨ ਕਰਨ ਵਾਲੇ ਨੇ ਕਿਹਾ, ‘ਪ੍ਰਧਾਨ ਮੰਤਰੀ ਤੁਹਾਡੇ ਨਾਲ ਤੁਰੰਤ ਗੱਲ ਕਰਨਾ ਚਾਹੁੰਦੇ ਹਨ।’ ਕੁਝ ਪਲਾਂ ਬਾਅਦ ਮਨਮੋਹਨ ਸਿੰਘ ਫੋਨ ‘ਤੇ ਸਨ। ਉਨ੍ਹਾ ਦੀ ਆਵਾਜ਼ ਵਿੱਚ ਚਿੰਤਾ ਸੀ। ਉਨ੍ਹਾ ਕਿਹਾ, ‘ਕੁਰੈਸ਼ੀ ਜੀ, ਕੀ ਮੈਂ ਤੁਹਾਨੂੰ ਤੁਰੰਤ ਮਿਲ ਸਕਦਾ ਹਾਂ? ਉਨ੍ਹਾ ਦੀ ਆਵਾਜ਼ ਤੋਂ ਇੰਝ ਲੱਗਦਾ ਸੀ ਜਿਵੇਂ ਉਹ ਖੁਦ ਮੈਨੂੰ ਮਿਲਣ ਲਈ ਆਉਣ ਲਈ ਤਿਆਰ ਹੋਣ।’ ਉਨ੍ਹਾ ਨੇ ਜਵਾਬ ਦਿੱਤਾ, ‘ਸਰ, ਤੁਸੀਂ ਪ੍ਰਧਾਨ ਮੰਤਰੀ ਹੋ। ਜਦੋਂ ਵੀ ਤੁਸੀਂ ਕਹੋਗੇ, ਮੈਂ ਆ ਜਾਵਾਂਗਾ। ਮੀਟਿੰਗ ਸ਼ਾਮ 7 ਵਜੇ ਨਿਰਧਾਰਤ ਕੀਤੀ ਗਈ। ਮਨਮੋਹਨ ਸਿੰਘ ਦਰਵਾਜ਼ੇ ‘ਤੇ ਉਡੀਕ ਕਰ ਰਹੇ ਸਨ। ਉਹ ਮੈਨੂੰ ਅੰਦਰ ਲੈ ਗਏ ਅਤੇ ਇਸ ਤੋਂ ਪਹਿਲਾਂ ਕਿ ਅਸੀਂ ਠੀਕ ਤਰ੍ਹਾਂ ਬੈਠ ਸਕਦੇ, ਸਿੰਘ ਨੇ ਬਹੁਤ ਦੁਖੀ ਆਵਾਜ਼ ਵਿੱਚ ਕਿਹਾ, ‘ਹਰੀਸ਼ ਨੇ ਮੈਨੂੰ ਦੱਸਿਆ ਕਿ ਤੁਸੀਂ ਕੀ ਕਿਹਾ। ਜੇ ਤੁਸੀਂ ਅਜਿਹਾ ਸੋਚਦੇ ਹੋ, ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ।’ ਕੁਰੈਸ਼ੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਤੋਂ ਇਹ ਸੁਣ ਕੇ ਹੈਰਾਨ ਰਹਿ ਗਏ। ਉਨ੍ਹਾ ਦੀ ਸ਼ਿਕਾਇਤ ਕੁਝ ਮੰਤਰੀਆਂ ਦੇ ਆਚਰਣ ਬਾਰੇ ਸੀ, ਮਨਮੋਹਨ ਸਿੰਘ ਦੇ ਨਹੀਂ। ਮਨਮੋਹਨ ਸਿੰਘ ਹਮੇਸ਼ਾ ਚੋਣ ਕਮਿਸ਼ਨ ਨੂੰ ਭਾਰਤ ਦਾ ਮਾਣ ਅਤੇ ਦੇਸ਼ ਦੀ ਨਰਮ ਸ਼ਕਤੀ ਦੱਸਦੇ ਸਨ। ਉਨ੍ਹਾ ਲਈ ਇਹ ਕਲਪਨਾ ਕਰਨਾ ਵੀ ਅਸਹਿ ਸੀ ਕਿ ਕੁਰੈਸ਼ੀ ਉਨ੍ਹਾ ਦੇ ਇਰਾਦਿਆਂ ‘ਤੇ ਸ਼ੱਕ ਕਰ ਸਕਦੇ ਹਨ। ਮਨਮੋਹਨ ਸਿੰਘ ਨੇ ਉਨ੍ਹਾ ਨੂੰ ਕਿਹਾ, ‘ਮੈਨੂੰ ਕੋਈ ਪਤਾ ਨਹੀਂ ਸੀ। ਜੇ ਮੈਨੂੰ ਪਤਾ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਸਖਤੀ ਨਾਲ ਝਿੜਕਦਾ। ਜੇ ਤੁਸੀਂ ਕਦੇ ਕੁਝ ਕਹਿਣਾ ਹੈ, ਤਾਂ ਬੱਸ ਫੋਨ ਚੁੱਕੋ ਅਤੇ ਮੇਰੇ ਨਾਲ ਗੱਲ ਕਰੋ।’ ਕੁਰੈਸ਼ੀ ਨੇ ਲਿਖਿਆ ਹੈ ਕਿ ਇਸ ਮੁਲਾਕਾਤ ਨੇ ਉਨ੍ਹਾ ਨੂੰ ਧੁਰ ਅੰਦਰ ਤੱਕ ਹਿਲਾ ਦਿੱਤਾ। ਉਨ੍ਹਾ ਨੂੰ ਇੱਕ ਅਜਿਹੇ ਨੇਤਾ ਦਾ ਸਾਹਮਣਾ ਕਰਨਾ ਪਿਆ, ਜਿਸ ਲਈ ਸੰਵਿਧਾਨਕ ਮਰਿਆਦਾ ਸਿਰਫ ਰਸਮੀ ਨਹੀਂ ਸੀ, ਸਗੋਂ ਉਨ੍ਹਾ ਦੇ ਆਚਰਣ ਅਤੇ ਸੋਚ ਦਾ ਇੱਕ ਅਨਿੱਖੜਵਾਂ ਅੰਗ ਸੀ। ਉਸ ਮੀਟਿੰਗ ਤੋਂ ਬਾਅਦ ਚੋਣ ਕਮਿਸ਼ਨ ਬਾਰੇ ਬਿਆਨਬਾਜ਼ੀ ਬੰਦ ਹੋ ਗਈ।




