ਸਪੇਨ ਨੇ ਗੇਮ ਨੂੰ ਸਾਡੇ ਨਾਲੋਂ ਬਿਹਤਰ ਕੰਟਰੋਲ ਕੀਤਾ : ਐੱਮਬਾਪੇ

0
4

ਟੈਕਸਾਸ (ਨ ਜ਼ ਸ) : ਵਰਲਡ ਫੁੱਟਬਾਲ ਕੱਪ ਦੇ ਸੈਮੀਫਾਈਨਲ ਵਿੱਚ ਮੰਗਲਵਾਰ ਸਪੇਨ ਹੱਥੋਂ ਸਿਫਰ ਦੇ ਮੁਕਾਬਲੇ ਦੋ ਗੋਲਾਂ ਨਾਲ ਹਾਰਨ ਤੋਂ ਬਾਅਦ ਫਰਾਂਸੀਸੀ ਕਪਤਾਨ ਕਿਲੀਅਨ ਐੱਮਬਾਪੇ ਨੇ ਆਪਣੀ ਟੀਮ ਦੀਆਂ ਰਣਨੀਤਕ ਅਤੇ ਤਕਨੀਕੀ ਗਲਤੀਆਂ ‘ਤੇ ਅਫਸੋਸ ਪ੍ਰਗਟ ਕੀਤਾ ਹੈ।
ਐੱਮਬਾਪੇ, ਜੋ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਲਈ ਜਤਨਸ਼ੀਲ ਸੀ, ਨੇ ਫਰਾਂਸ ਦੇ ਪ੍ਰਦਰਸ਼ਨ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹ ਮੈਚ ਖੇਡਿਆ, ਜੋ ਅਸੀਂ ਖੇਡਣਾ ਚਾਹੁੰਦੇ ਸੀ, ਭਾਵੇਂ ਰਣਨੀਤਕ ਤੌਰ ‘ਤੇ ਤਕਨੀਕੀ ਤੌਰ ‘ਤੇ ਜਾਂ ਸਾਡੇ ਸਮੁੱਚੇ ਪ੍ਰਦਰਸ਼ਨ ਦੇ ਪੱਧਰ ਦੇ ਮਾਮਲੇ ਵਿੱਚ ਅਤੇ ਜਦੋਂ ਤੁਸੀਂ ਉਹ ਨਹੀਂ ਕਰਦੇ, ਜੋ ਤੁਹਾਨੂੰ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਕਰਨਾ ਚਾਹੀਦਾ ਹੈ, ਤਾਂ ਤੁਸੀਂ ਨਹੀਂ ਜਿੱਤਦੇ। ਖੇਡ ਨੂੰ ਕੰਟਰੋਲ ਕਰਨ ਵਿੱਚ ਸਪੇਨੀ ਸਾਡੇ ਨਾਲੋਂ ਬਿਹਤਰ ਰਹੇ ਤੇ ਅਸੀਂ ਅਸਫਲ ਰਹੇ।’
ਫਰਾਂਸ ਦੇ ਆਖਰੀ ਚਾਰ ਵਿੱਚ ਪਹੁੰਚਣ ਦੌਰਾਨ ਐੱਮਬਾਪੇ ਟੂਰਨਾਮੈਂਟ ਦੇ ਸਿਤਾਰਿਆਂ ਵਿੱਚੋਂ ਇੱਕ ਵਜੋਂ ਉਭਰਿਆ ਸੀ। ਉਸ ਨੇ ਅੱਠ ਗੋਲ ਕੀਤੇ, ਜਿਸ ਨੇ ਦੁਨੀਆ ਭਰ ਦੇ ਦੀਵਾਨਿਆਂ ਨੂੰ ਖੁਸ਼ ਕੀਤਾ, ਪਰ 27 ਸਾਲਾ ਖਿਡਾਰੀ ਦੇ ਇੱਕ ਹੋਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੇ ਸੁਪਨੇ ਅਚਾਨਕ ਖਤਮ ਹੋ ਗਏ, ਜਦੋਂ ਸਪੇਨ ਨੇ ਟੈਕਸਾਸ ਦੇ ਆਰਲਿੰਗਟਨ ਦੇ ਡੱਲਾਸ ਸਟੇਡੀਅਮ ਵਿੱਚ ਫਰਾਂਸ ਨੂੰ ਹਰਾ ਦਿੱਤਾ। ਐੱਮਬਾਪੇ ਨੇ ਮੰਨਿਆ ਕਿ ਮਿਡਫੀਲਡ ਵਿੱਚ ਕਮਜ਼ੋਰੀ ਰਹੀ, ਜਿੱਥੇ ਫਰਾਂਸ ਦੀ ਐਡਰਿਅਨ ਰਾਬੀਓਟ ਅਤੇ ਔਰੇਲੀਅਨ ਚੋਮੇਨੀ ਦੀ ਜੋੜੀ ਨੂੰ ਸਪੇਨ ਦੀ ਰੋਡਰੀ, ਦਾਨੀ ਓਲਮੋ ਅਤੇ ਫੈਬੀਅਨ ਰੁਇਜ਼ ਦੀ ਤਿੱਕੜੀ ਨੇ ਪਛਾੜ ਦਿੱਤਾ।
ਸਪੇਨ ਦੇ ਮਿਕੇਲ ਓਯਾਰਜ਼ਾਬਲ ਨੇ ਪਹਿਲੇ ਅੱਧ ਵਿੱਚ ਪੈਨਲਟੀ ਸਪਾਟ ਤੋਂ ਗੋਲ ਕਰਕੇ ਖਾਤਾ ਖੋਲ੍ਹਿਆ, ਜਦੋਂ ਲਾਮੀਨ ਯਮਾਲ ਨੂੰ ਬਾਕਸ ਦੇ ਅੰਦਰ ਡਿੱਗਣ ਲਈ ਮਜਬੂਰ ਕੀਤਾ ਗਿਆ ਸੀ। ਪੇਡਰੋ ਪੋਰੋ ਨੇ ਦੂਜੇ ਅੱਧ ਦੀ ਸ਼ੁਰੂਆਤ ਵਿੱਚ ਸਪੇਨ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ, ਜਿੱਥੇ ਉਹ 19 ਜੁਲਾਈ ਨੂੰ ਈਸਟ ਰਦਰਫੋਰਡ ਵਿੱਚ ਇੰਗਲੈਂਡ ਜਾਂ ਅਰਜਨਟੀਨਾ ਦਾ ਸਾਹਮਣਾ ਕਰਨਗੇ।
ਮਿਕੇਲ ਓਯਾਰਜ਼ਾਬਲ ਨੇ ਸਪੇਨ ਲਈ ਆਪਣੇ ਪਿਛਲੇ 20 ਮੈਚਾਂ ਵਿੱਚ 18 ਗੋਲ ਕੀਤੇ ਹਨ। ਉਸ ਦੀ ਪੈਨਲਟੀ ਨੇ ਉਸ ਨੂੰ ਡੇਵਿਡ ਸਿਲਵਾ (35), ਅਲਵਾਰੋ ਮੋਰਾਟਾ (37), ਫਰਨਾਂਡੋ ਟੋਰੇਸ (38), ਰਾਊਲ (44) ਅਤੇ ਡੇਵਿਡ ਵਿਲਾ (59) ਤੋਂ ਬਾਅਦ ਸਪੇਨ ਲਈ 30 ਗੋਲ ਕਰਨ ਵਾਲਾ ਛੇਵਾਂ ਖਿਡਾਰੀ ਬਣਾ ਦਿੱਤਾ ਹੈ।
ਫਰਾਂਸ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਕੇਂਦਰੀ ਡਿਫੈਂਡਰ ਵਿਲੀਅਮ ਸਲੀਬਾ ਪਹਿਲੇ ਅੱਧ ਦੇ ਅੱਧ ਵਿੱਚ ਪਿੱਠ ਦੀ ਸੱਟ ਕਾਰਨ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਮੈਕਸੈਂਸ ਲੈਕਰੋਇਕਸ ਨੇ ਲਈ।
ਸਪੇਨ ਨੇ ਗੇਂਦ ‘ਤੇ ਕਬਜ਼ਾ ਬਣਾ ਕੇ ਰੱਖਿਆ ਅਤੇ ਫਰਾਂਸ ਦੀ ਮਾਈਕਲ ਓਲੀਸੇ, ਕਿਲੀਅਨ ਐੱਮਬਾਪੇ ਅਤੇ ਉਸਮਾਨ ਡੇਮਬੇਲੇ ਦੀ ਹਮਲਾਵਰ ਤਿਕੜੀ ਨੂੰ ਕਾਫੀ ਹੱਦ ਤੱਕ ਸ਼ਾਂਤ ਰੱਖਿਆ, ਜਿਸ ਨਾਲ ਉਹ 1-0 ਦੀ ਬੜ੍ਹਤ ਨਾਲ ਹਾਫ ਟਾਈਮ ਤੱਕ ਪਹੁੰਚ ਗਏ।
ਫਰਾਂਸ ਦੇ ਖਿਲਾਫ ਇਤਿਹਾਸ ਵੀ ਸੀ, ਕਿਉਂਕਿ ਕੇਵਲ ਅਰਜਨਟੀਨਾ (1990 ਵਿੱਚ ਇਟਲੀ ਦੇ ਖਿਲਾਫ) ਅਤੇ ਕ੍ਰੋਏਸ਼ੀਆ (2018 ਵਿੱਚ ਇੰਗਲੈਂਡ ਦੇ ਖਿਲਾਫ) ਨੇ ਪਹਿਲਾਂ ਹਾਫ-ਟਾਈਮ ਦੇ ਘਾਟੇ ਤੋਂ ਉਭਰ ਕੇ ਵਰਲਡ ਕੱਪ ਸੈਮੀਫਾਈਨਲ ਜਿੱਤਿਆ ਸੀ।
ਫਰਾਂਸ ਦੇ ਹੈੱਡ ਕੋਚ ਡਿਡੀਅਰ ਡੇਸ਼ੈਂਪਸ ਨੇ ਮੈਚ ਦੇ ਅੱਧੇ ਸਮੇਂ ਵਿੱਚ ਐਡਰਿਅਨ ਰਾਬੀਓਟ ਦੀ ਥਾਂ ਮਨੂ ਕੋਨੇ ਨੂੰ ਸ਼ਾਮਲ ਕੀਤਾ ਅਤੇ ਬਾਅਦ ਵਿੱਚ ਬ੍ਰੈਡਲੀ ਬਾਰਕੋਲਾ ਦੀ ਥਾਂ ਡੇਸਾਇਰ ਡੌਏ ਨੂੰ ਲਿਆਂਦਾ ਤਾਂ ਜੋ ਮੈਚ ਦੀ ਗਤੀ ਬਦਲੀ ਜਾ ਸਕੇ। ਹਾਲਾਂਕਿ, ਸਪੇਨ ਨੇ ਲਗਾਤਾਰ ਦਬਾਅ ਅਤੇ ਗੋਲਕੀਪਰ ਉਨਾਈ ਸਾਈਮਨ ਦੁਆਰਾ ਕੀਤੇ ਗਏ ਮਹੱਤਵਪੂਰਨ ਬਚਾਅ ਦੇ ਜ਼ਰੀਏ ਕੰਟਰੋਲ ਬਣਾ ਕੇ ਰੱਖਿਆ। ਪੋਰੋ ਨੇ ਫਿਰ ਇੱਕ ਸ਼ਾਨਦਾਰ ਹਮਲਾਵਰ ਚਾਲ ਨੂੰ ਪੂਰਾ ਕਰਦੇ ਹੋਏ ਸਪੇਨ ਦਾ ਦੂਜਾ ਗੋਲ ਕੀਤਾ, ਜਿਸ ਨਾਲ ਮੁਕਾਬਲਾ ਪ੍ਰਭਾਵਸ਼ਾਲੀ ਢੰਗ ਨਾਲ ਫਰਾਂਸ ਦੀ ਪਹੁੰਚ ਤੋਂ ਬਾਹਰ ਹੋ ਗਿਆ। ਇਸ ਜਿੱਤ ਦੇ ਨਾਲ ਸਪੇਨ ਨੇ ਇਟਲੀ ਦੇ ਲਗਾਤਾਰ 37 ਮੈਚਾਂ ਵਿੱਚ ਅਜੇਤੂ ਰਹਿਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਅਤੇ ਆਪਣੇ ਸਿਰਫ ਦੂਜੇ ਫੀਫਾ ਵਰਲਡ ਕੱਪ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।