ਕਿਰਨਦੀਪ ਦੇ ਕਤਲ ਤੋਂ ਬਾਅਦ ਇੰਗਲੈਂਡ ‘ਚ ਨਸਲੀ ਨਫਰਤ ਦਾ ਮੁੱਦਾ ਗਰਮਾਇਆ

0
3

ਲੰਡਨ (ਨ ਜ਼ ਸ) : ਤਰਨ ਤਾਰਨ ਨੇੜਲੇ ਪਿੰਡ ਪਿੱਦੀ ਦੀ ਮੁਟਿਆਰ ਕਿਰਨਦੀਪ ਕੌਰ ਦੇ ਪੱਛਮੀ ਲੰਡਨ ਦੇ ਹੇਜ਼ ਖੇਤਰ ਵਿੱਚ ਕਤਲ ਦੇ ਸੰਬੰਧ ਵਿੱਚ ਮੈਟਰੋਪੋਲੀਟਨ ਪੁਲਸ ਨੇ 44 ਸਾਲਾ ਹਮਲਾਵਰ ਡੈਨੀਅਲ ਸੀਨ ਜੇਮਜ਼ ਨੂੰ ਗ੍ਰਿਫਤਾਰ ਕਰਕੇ ਵਿਲਸਡਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕਰਕੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਮਾਰੂ ਹਥਿਆਰ ਰੱਖਣ ਦੇ ਦੋਸ਼ ਲਾਏ ਹਨ। ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਹੇਜ਼ ਦੀ ਅਕਸਬ੍ਰਿਜ ਰੋਡ ਸਥਿਤ ਇੱਕ ਘਰ ਵਿੱਚ ਚਾਕੂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਅਧਿਕਾਰੀ ਲੰਡਨ ਐਂਬੂਲੈਂਸ ਸੇਵਾ ਸਮੇਤ ਮੌਕੇ ‘ਤੇ ਪਹੁੰਚੇ, ਤਾਂ ਕਿਰਨਦੀਪ ਕੌਰ ਲਹੂ-ਲੁਹਾਨ ਹਾਲਤ ਵਿੱਚ ਮਿਲੀ। ਐਮਰਜੈਂਸੀ ਸੇਵਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੂਜਾ ਜ਼ਖ਼ਮੀ ਨੌਜਵਾਨ ਘਰ ਦੇ ਬਾਹਰ ਮਿਲਿਆ ਸੀ। ਹਮਲਾਵਰ ਨੇ ਵਾਰਦਾਤ ਤੋਂ ਬਾਅਦ ਖਿੜਕੀ ਤੋਂ ਕੁੱਦ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਉਹ ਖੁਦ ਵੀ ਜ਼ਖਮੀ ਹੋ ਗਿਆ ਅਤੇ ਪੁਲਸ ਨੇ ਉਸ ਨੂੰ ਨਜ਼ਦੀਕੀ ਇਲਾਕੇ ਵਿੱਚੋਂ ਹੀ ਦਬੋਚ ਲਿਆ।
ਇਸ ਘਟਨਾ ਨੇ ਬ੍ਰਿਟੇਨ ਵਿੱਚ ਇੱਕ ਵਾਰ ਫਿਰ ਨਸਲੀ ਅਤੇ ਧਾਰਮਿਕ ਨਫਰਤ ਦਾ ਮੁੱਦਾ ਗਰਮਾ ਦਿੱਤਾ ਹੈ। ਕਈ ਸਿੱਖ ਜਥੇਬੰਦੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਹਮਲਾ ਸਿੱਖ ਵਿਰੋਧੀ ਨਫਰਤੀ ਅਪਰਾਧ ਹੋ ਸਕਦਾ ਹੈ। ਇਹ ਖਦਸ਼ਾ ਇਸ ਲਈ ਵੀ ਡੂੰਘਾ ਹੋ ਗਿਆ ਹੈ ਕਿਉਂਕਿ ਕੁਝ ਹਫਤੇ ਪਹਿਲਾਂ ਹੀ ਦੱਖਣ-ਪੂਰਬੀ ਇੰਗਲੈਂਡ ਵਿੱਚ ਇੱਕ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਵਿੱਚ 23 ਸਾਲਾ ਬ੍ਰਿਟਿਸ਼ ਸਿੱਖ ਨੌਜਵਾਨ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਇਸੇ ਸੰਬੰਧ ਵਿੱਚ ‘ਸਿੱਖ ਨੈੱਟਵਰਕ’ ਵੱਲੋਂ ਬੁੱਧਵਾਰ ਨੂੰ ਬ੍ਰਿਟਿਸ਼ ਸੰਸਦ ਵਿੱਚ ਇੱਕ ਵਿਸ਼ੇਸ਼ ਸਰਵੇਖਣ ਦੀ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਕਰਮ ਦਿਗਵਾ ਦੇ ਕੇਸ ਦੀ ਸੁਣਵਾਈ ਤੋਂ ਬਾਅਦ ਬ੍ਰਿਟੇਨ ਵਿੱਚ ਰਹਿਣ ਵਾਲੇ ਕਰੀਬ 40 ਫੀਸਦੀ ਸਿੱਖਾਂ ਨੇ ਸਿੱਖ ਵਿਰੋਧੀ ਨਫਰਤੀ ਟਿੱਪਣੀਆਂ ਜਾਂ ਅਪਰਾਧਾਂ ਦਾ ਸਾਹਮਣਾ ਕੀਤਾ ਹੈ ਜਾਂ ਉਹ ਇਸ ਦੇ ਗਵਾਹ ਬਣੇ ਹਨ। ਪੁਲਸ ਫਿਲਹਾਲ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।