ਅਹਿਮਦਾਬਾਦ : ਇੱਥੋਂ ਦੇ ਵਸਤਰਾਲ ਇਲਾਕੇ ਵਿੱਚ ਸ਼ਨਿਚਰਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਫੈਕਟਰੀ ਦੇ 8 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਲਗਪਗ 15 ਜ਼ਖਮੀ ਹੋ ਗਏ। ਇਹ ਹਾਦਸਾ ਰਾਮੋਲ ਤੋਂ ਗਤਰਾਡ ਜਾਣ ਵਾਲੇ ਰਸਤੇ ‘ਤੇ ਮਹਿਮੂਦਪੁਰਾ ਟੈਲੈਂਟ ਕੋਲ ਵਾਪਰਿਆ। ਇਸ ਥਾਂ ਦੇ ਬਿਲਕੁਲ ਕੋਲ ਹੀ ਰੈਪਿਡ ਐਕਸ਼ਨ ਫੋਰਸ ਦਾ ਕੈਂਪ ਮੌਜੂਦ ਹੈ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਆਰ.ਏ.ਐਫ. ਦੇ ਜਵਾਨ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਲਗਭਗ 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਜਿਸ ਵੇਲੇ ਇਹ ਹਾਦਸਾ ਹੋਇਆ ਉਸ ਸਮੇਂ ਫੈਕਟਰੀ ਦੇ ਅੰਦਰ ਤਕਰੀਬਨ 25 ਲੋਕ ਕੰਮ ਕਰ ਰਹੇ ਸਨ।
ਪਹਿਲਾ ਪ੍ਰਾਈਵੇਟ ਆਰਬਿਟਲ ਰਾਕੇਟ ਦਾਗਿਆ
ਨਵੀਂ ਦਿੱਲੀ : ਸ਼ਨੀਵਾਰ ਦੇਸ਼ ਦਾ ਪਹਿਲਾ ਪ੍ਰਾਈਵੇਟ ਅਰਬਿਟਲ ਰਾਕੇਟ ਵਿਕਰਮ-1 ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸ ਲਾਂਚ ਨੇ ਨਿੱਜੀ ਪੁਲਾੜ ਖੇਤਰ ਵਿੱਚ ਨਵਾਂ ਇਤਿਹਾਸ ਰਚਿਆ ਹੈ। ਲਾਂਚ ਸਵੇਰੇ 11:30 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਾਈਰੂਟ ਏਅਰੋਸਪੇਸ ਨੂੰ ਵਧਾਈ ਦਿੱਤੀ ਹੈ। ਉਨ੍ਹਾ ਇਸ ਨੂੰ ਦੇਸ਼ ਦੀ ਪੁਲਾੜ ਯਾਤਰਾ ਵਿੱਚ ਇੱਕ ‘ਇਤਿਹਾਸਕ ਨਵੀਂ ਸਰਹੱਦ’ ਅਤੇ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਉੱਦਮੀ ਭਾਵਨਾ ਦਾ ਪ੍ਰਤੀਬਿੰਬ ਦੱਸਿਆ। ਮਿਸ਼ਨ ਆਗਮਨ ਵਿਕਰਮ-1 ਰਾਕੇਟ ਦੀ ਪਹਿਲੀ ਟੈਸਟ ਉਡਾਣ ਹੈ।




