‘ਡਿਜੀਟਲ ਅਰੈੱਸਟ’ : ਇੰਜੀਨੀਅਰ ਕੋਲੋਂ ਠੱਗੇ 35 ਲੱਖ

0
14

ਬਠਿੰਡਾ : ਸਥਾਨਕ ਸਰਾਭਾ ਨਗਰ ਦੇ ਰਹਿਣ ਵਾਲੇ ਫ਼ੌਜ ਦੇ ਇੱਕ 78 ਸਾਲਾ ਸੇਵਾ-ਮੁਕਤ ਇੰਜੀਨੀਅਰ ਨਾਲ ਦਿੱਲੀ ਪੁਲਸ ਅਤੇ ਐਂਟੀ-ਟੈਰੋਰਿਜ਼ਮ ਸਕੁਐਡ ਦੇ ਫਰਜ਼ੀ ਅਧਿਕਾਰੀ ਬਣ ਕੇ ‘ਡਿਜੀਟਲ ਅਰੈਸਟ’ ਰਾਹੀਂ 35 ਲੱਖ ਰੁਪਏ ਦੀ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕਰਾਈਮ ਥਾਣੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਪੀੜਤ ਅਸ਼ੋਕ ਕੁਮਾਰ ਨੂੰ ਲੰਘੀ ਨੂੰ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ, ਜਿਸ ਵਿੱਚ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਦਿੱਲੀ ਪੁਲਸ ਹੈੱਡਕੁਆਰਟਰ ਤੋਂ ਦੱਸਿਆ ਅਤੇ ਬਾਅਦ ਵਿੱਚ ਫ਼ੋਨ ਇੱਕ ਹੋਰ ਵਿਅਕਤੀ ਨੂੰ ਟਰਾਂਸਫਰ ਕਰ ਦਿੱਤਾ, ਜਿਸ ਨੇ ਖ਼ੁਦ ਨੂੰ ਏ ਟੀ ਐੱਸ ਅਧਿਕਾਰੀ ਵਜੋਂ ਪੇਸ਼ ਕੀਤਾ। ਠੱਗਾਂ ਨੇ ਪੀੜਤ ਨੂੰ ਝੂਠਾ ਡਰ ਦਿੱਤਾ ਕਿ ਉਨ੍ਹਾਂ ਦੇ ਪਛਾਣ ਪੱਤਰ ਦੀ ਵਰਤੋਂ ਕਰਕੇ ਇੱਕ ਅਜਿਹਾ ਮੋਬਾਇਲ ਕਨੈਕਸ਼ਨ ਲਿਆ ਗਿਆ ਹੈ, ਜਿਸ ਰਾਹੀਂ 2.5 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਹੋਈ ਹੈ। ਏਨਾ ਹੀ ਨਹੀਂ, ਮੁਲਜ਼ਮਾਂ ਨੇ ਉਨ੍ਹਾਂ ਦੇ ਸੰਬੰਧ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਅਤੇ ਦਿੱਲੀ ਬੰਬ ਧਮਾਕਿਆਂ ਦੇ ਕੇਸ ਨਾਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਫਾਈਲ ਕੌਮੀ ਜਾਂਚ ਏਜੰਸੀ ਨੂੰ ਭੇਜੀ ਜਾ ਰਹੀ ਹੈ। ਪੀੜਤ ਨੂੰ ਕਈ ਘੰਟਿਆਂ ਤੱਕ ਲਗਾਤਾਰ ਵੀਡੀਓ ਕਾਲ ‘ਤੇ ਰੱਖ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਉਸ ਦੇ ਬੈਂਕ ਖਾਤੇ ਵਿੱਚ ਜਮਾਂ 35 ਲੱਖ ਰੁਪਏ ਆਰ ਬੀ ਆਈ ਦੇ ਵੈਰੀਫਿਕੇਸ਼ਨ ਖਾਤੇ ਵਿੱਚ ਜਮਾ ਕਰਵਾਉਣੇ ਪੈਣਗੇ। ਐੱਸ ਐੱਚ ਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ, ”ਠੱਗਾਂ ਦੀਆਂ ਗੱਲਾਂ ਵਿੱਚ ਆ ਕੇ ਪੀੜਤ ਨੇ 15 ਜੁਲਾਈ ਨੂੰ ਆਰ ਟੀ ਜੀ ਐਸ ਰਾਹੀਂ 35 ਲੱਖ ਰੁਪਏ ਉਨ੍ਹਾਂ ਵੱਲੋਂ ਦਿੱਤੇ ਗਏ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਇਸ ਧੋਖਾਧੜੀ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮੁਲਜ਼ਮਾਂ ਨੇ ਹੋਰ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਅਮਰੀਕਾ ਰਹਿੰਦੇ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ, ਜਿਸ ਪਿੱਛੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ‘ਫੇਕ ਡਿਜੀਟਲ ਅਰੈੱਸਟ’ ਦੇ ਸਾਈਬਰ ਜਾਲ ਵਿੱਚ ਫਸ ਚੁੱਕੇ ਹਨ।”ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਬਠਿੰਡਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਮਾਮਲਾ ਦਰਜ ਕਰ ਲਿਆ ਹੈ।