ਨੇਤਨਯਾਹੂ ਨੂੰ ਫੜਨ ਲਈ ਕਾਨੂੰਨੀ ਸਲਾਹ ਲੈ ਰਹੇ ਹਾਂ : ਮਮਦਾਨੀ

0
5

ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ)
ਮੇਅਰ ਜ਼ੋਹਰਾਨ ਮਮਦਾਨੀ ਦੀ ਅਗਵਾਈ ਵਾਲਾ ਨਿਊਯਾਰਕ ਸਿਟੀ ਪ੍ਰਸ਼ਾਸਨ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿੱਸਾ ਲੈਣ ਆ ਰਹੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗ੍ਰਿਫਤਾਰ ਕਰਨ ਦੇ ਆਪਣੇ ਕਾਨੂੰਨੀ ਅਧਿਕਾਰ ਦਾ ਮੁਲਾਂਕਣ ਕਰ ਰਿਹਾ ਹੈ। ਮੇਅਰ ਮਮਦਾਨੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੀਆਂ ਸ਼ਕਤੀਆਂ ਦੀਆਂ ਸਹੀ ਸੀਮਾਵਾਂ ਬਾਰੇ ਕਾਨੂੰਨੀ ਸਲਾਹਕਾਰਾਂ ਨਾਲ ਲਗਾਤਾਰ ਸਲਾਹ-ਮਸ਼ਵਰਾ ਕਰ ਰਹੇ ਹਨ।
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾ ਦਾ ਪ੍ਰਸ਼ਾਸਨ ਨਵੇਂ ਕਾਨੂੰਨ ਲਿਖਣ ਦੀ ਬਜਾਏ ਮੌਜੂਦਾ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰੇਗਾ, ਮਮਦਾਨੀ ਨੇ ਆਪਣੀ ਦ੍ਰਿੜ੍ਹਤਾ ਨਾਲ ਕਿਹਾ ਕਿ ਨੇਤਨਯਾਹੂ ਇੱਕ ਜੰਗੀ ਅਪਰਾਧੀ ਹੈ, ਜਿਸ ਦੇ ਕੌਮਾਂਤਰੀ ਅਪਰਾਧਕ ਅਦਾਲਤ ਨੇ ਵਾਰੰਟ ਗ੍ਰਿਫਤਾਰੀ ਜਾਰੀ ਕੀਤੇ ਹੋਏ ਹਨ। ਮਮਦਾਨੀ ਨੇ ਕਿਹਾ, ”ਨਿਊਯਾਰਕ ਸਿਟੀ ਵਿੱਚ ਕਾਨੂੰਨ ਮੈਨੂੰ ਜੋ ਵੀ ਕਰਨ ਦੀ ਇਜਾਜ਼ਤ ਦਿੰਦਾ ਹੈ, ਅਸੀਂ ਉਹੀ ਕਰਾਂਗੇ, ਪਰ ਅਸੀਂ ਇਸ ਲਈ ਆਪਣੇ ਕਾਨੂੰਨ ਨਹੀਂ ਲਿਖਾਂਗੇ। ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਜੰਗੀ ਅਪਰਾਧੀ ਹੈ, ਜਿਸ ‘ਤੇ ਕੌਮਾਂਤਰੀ ਅਪਰਾਧਕ ਅਦਾਲਤ ਨੇ ਦੋਸ਼ ਲਗਾਇਆ ਹੈ।”
ਆਪਣੇ ਮਜ਼ਬੂਤ ਰੁਖ ਨੂੰ ਸੰਦਰਭ ਵਿੱਚ ਦੱਸਦੇ ਹੋਏ, ਮਮਦਾਨੀ ਨੇ ਕਿਹਾ ਕਿ ਉਨ੍ਹਾ ਦਾ ਦ੍ਰਿਸ਼ਟੀਕੋਣ ਵਿਸ਼ਵਵਿਆਪੀ ਜਨਤਕ ਭਾਵਨਾਵਾਂ ਦੇ ਇੱਕ ਮਹੱਤਵਪੂਰਨ ਹਿੱਸੇ ਨਾਲ ਮੇਲ ਖਾਂਦਾ ਹੈ। ਕੌਮਾਂਤਰੀ ਅਪਰਾਧਕ ਅਦਾਲਤ ਨੇ ਨੇਤਨਯਾਹੂ ਅਤੇ ਸਾਬਕਾ ਇਜ਼ਰਾਈਲੀ ਰੱਖਿਆ ਮੰਤਰੀ ਯੋਵ ਗੈਲੈਂਟ ਵਿਰੁੱਧ ਇਸ ਕਰਕੇ ਵਾਰੰਟ ਗ੍ਰਿਫਤਾਰੀ ਜਾਰੀ ਕੀਤੇ ਹਨ ਕਿ ਉਨ੍ਹਾਂ ਗਾਜ਼ਾ ਵਿੱਚ ਹਮਲਿਆਂ ਦੌਰਾਨ ਜੰਗੀ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧ ਕੀਤੇ।