ਲੁਧਿਆਣਾ (ਐੱਮ ਐੱਸ ਭਾਟੀਆ)
ਜੰਤਰ ਮੰਤਰ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਵਿਦਿਆਰਥੀ ਤੇ ਨੌਜਵਾਨ ਇਸ ਗੱਲ ਦਾ ਸਾਫ ਪ੍ਰਗਟਾਵਾ ਹੈ ਕਿ ਉਨ੍ਹਾਂ ਵਿੱਚ ਮੋਦੀ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀ ਦੇ ਖਿਲਾਫ ਕਿੰਨਾ ਰੋਸ ਹੈ। ਵੱਖ-ਵੱਖ ਥਾਵਾਂ ‘ਤੇ, ਜਿੱਥੇ ਕਿ ਧਰਨਾ ਚੱਲ ਰਿਹਾ ਹੈ, ਵਿਦਿਆਰਥੀ ਆਪਣੇ-ਆਪਣੇ ਝੁੰਡ ਬਣਾ ਕੇ ਗੀਤ-ਸੰਗੀਤ ਰਾਹੀਂ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ। ਮੋਦੀ ਸਰਕਾਰ ਦੀ ਸਿੱਖਿਆ ਨੀਤੀ ਦੀ ਆਲੋਚਨਾ ਕਰ ਰਹੇ ਹਨ। ਸੋਨਮ ਵਾਂਗਚੁਕ ਨੂੰ ਘੜੀਸ ਕੇ ਲਿਜਾਣ ਦੀ ਜੋ ਪੁਲਸ ਨੇ ਕਾਰਵਾਈ ਕੀਤੀ ਹੈ, ਉਸ ਦੇ ਖਿਲਾਫ ਹਰ ਵਿਦਿਆਰਥੀ ਸਖਤ ਸ਼ਬਦਾਂ ਵਿੱਚ ਬੋਲਦਾ ਹੈ ਤੇ ਚੁਣੌਤੀ ਦਿੰਦਾ ਹੈ ਕਿ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਹੀ ਪਏਗਾ। ਐਤਵਾਰ ਜਦੋਂ ਡਾਕਟਰ ਅਰੁਣ ਮਿੱਤਰਾ ਭੁੱਖ ਹੜਤਾਲ ਵਾਲੀ ਥਾਂ ‘ਤੇ ਗਏ ਤਾਂ ਉਨ੍ਹਾ ਦੇਖਿਆ ਕਿ ਇਕੱਠ ਏਨਾ ਜ਼ਿਆਦਾ ਹੈ ਕਿ ਇਸ ਗਰਮੀ ਦੇ ਮਾਹੌਲ ਵਿੱਚ ਨਾ ਕੇਵਲ ਭੁੱਖ ਹੜਤਾਲੀ ਵਿਦਿਆਰਥੀਆਂ ਅਤੇ ਨੌਜਵਾਨ, ਬਲਕਿ ਦੂਜਿਆਂ ਵਿੱਚ ਵੀ ਜੋ ਭੁੱਖ ਹੜਤਾਲ ‘ਤੇ ਨਹੀਂ ਹਨ, ਵਿਚ ਵੀ ਅਨੇਕਾਂ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਪਰ ਵਿਦਿਆਰਥੀਆਂ ਤੇ ਨੌਜਵਾਨਾਂ ਵਿੱਚ ਜੋਸ਼ ਦੀ ਕੋਈ ਕਮੀ ਨਹੀਂ ਹੈ। ਇਹ ਅੰਦੋਲਨ ਮੋਦੀ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋ ਸਕਦਾ ਹੈ। ਸੀ ਜੇ ਪੀ ਦੇ ਮੁਖੀ ਅਭੀਜੀਤ ਦੀਪਕੇ ਭੁੱਖ ਹੜਤਾਲ ‘ਤੇ ਬੈਠੇ ਹਨ। ਉਨ੍ਹਾ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਦੇ ਗੁਲਾਬ, ਬਿੱਟੂ ਪ੍ਰਤਿਭਾ ਅਨੀਕੇਤ ਅਤੇ ਹੋਰ ਜਥੇਬੰਦੀਆਂ ਦੇ ਵਿਦਿਆਰਥੀ ਵੀ ਆਪਣੇ-ਆਪਣੇ ਕੈਂਪਾਂ ਵਿੱਚ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ। ਭੀੜ ਨੂੰ ਦੇਖਦੇ ਹੋਏ ਪੁਲਸ ਨੇ ਥਾਂ ਪਰ ਥਾਂ ਜਿਵੇਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਸਨ, ਉਸੇ ਕਿਸਮ ਦਾ ਇੰਤਜ਼ਾਮ ਕੀਤਾ ਹੋਇਆ ਹੈ।




