ਨਵੀਂ ਦਿੱਲੀ : ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਅਤੇ ਜਨ-ਸੰਸਕ੍ਰਿਤੀ ਮੰਚ (ਜਸਮ) ਦੇ ਪ੍ਰਤੀਨਿਧੀ ਮੰਡਲ ਨੇ ਜੰਤਰ-ਮੰਤਰ ਵਿਖੇ ਧਰਨਾ-ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅੰਦੋਲਨਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਆਪਣਾ ਪੂਰਾ ਸਮਰਥਨ ਦਿੱਤਾ।ਪ੍ਰਤੀਨਿਧੀਆਂ ਨੇ ਕਿਹਾ ਕਿ ਲੋਕਤੰਤਰੀ ਸਮਾਜ ਵਿੱਚ ਵਿਦਿਆਰਥੀਆਂ ਨੂੰ ਆਪਣੀਆਂ ਜਾਇਜ਼ ਮੰਗਾਂ ਸ਼ਾਂਤਮਈ ਢੰਗ ਨਾਲ ਉਠਾਉਣ ਦਾ ਪੂਰਾ ਹੱਕ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ।ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਧਰਨਾ ਸਥਾਨ ਤੋਂ ਜ਼ਬਰਦਸਤੀ ਹਟਾਏ ਜਾਣਾ ਲੋਕਰਾਜੀ ਮੁੱਲਾਂ ਦੇ ਖਿਲਾਫ਼ ਹੈ।ਉਨ੍ਹਾ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਉਨ੍ਹਾ ਕਿਹਾ ਕਿ ਲੋਕਤੰਤਰ ਵਿੱਚ ਅਸਹਿਮਤੀ ਪ੍ਰਗਟ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਬਜਾਏ ਸੰਵਾਦ ਰਾਹੀਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।ਪ੍ਰਤੀਨਿਧੀ ਮੰਡਲ ਨੇ ਧਰਨੇ ਦੌਰਾਨ ਭੁੱਖ ਹੜਤਾਲ ‘ਤੇ ਬੈਠੇ ਵਿਦਿਆਰਥੀਆਂ ਦੀ ਵਿਗੜਦੀ ਸਿਹਤ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਮਾਮਲੇ ਦਾ ਸੰਵੇਦਨਸ਼ੀਲਤਾ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਅੰਦੋਲਨਕਾਰੀਆਂ ਦੀ ਸਿਹਤ ਤੇ ਜੀਵਨ ਦੀ ਸੁਰੱਖਿਆ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।ਪ੍ਰਤੀਨਿਧੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਸਵੀਕਾਰ ਕੀਤਾ ਜਾਵੇ ਅਤੇ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਲੱਭਿਆ ਜਾਵੇ।ਉਨ੍ਹਾ ਕਿਹਾ ਕਿ ਵਿਦਿਆਰਥੀਆਂ ਦੀਆਂ ਲੋਕਤੰਤਰੀ ਮੰਗਾਂ ਨੂੰ ਅਣਡਿੱਠ ਕਰਨਾ ਨਾ ਤਾਂ ਸਿੱਖਿਆ ਪ੍ਰਣਾਲੀ ਅਤੇ ਨਾ ਹੀ ਲੋਕਤੰਤਰ ਦੇ ਹਿੱਤ ਵਿੱਚ ਹੈ।ਪ੍ਰਤੀਨਿਧੀ ਮੰਡਲ ਵਿੱਚ ਡਾ. ਸਿਰਸਾ ਤੋਂ ਇਲਾਵਾ ਪ੍ਰਲੇਸ ਦੀ ਦਿੱਲੀ ਇਕਾਈ ਤੋਂ ਡਾ. ਅਰਜੁਮੰਦ ਆਰਾ, ਬਿਹਾਰ ਤੋਂ ਸਤੇਂਦਰ ਕੁਮਾਰ ਤੇ ਅਨੀਸ਼ ਅੰਕੁਰ ਅਤੇ ਜਨ-ਸੰਸਕ੍ਰਿਤੀ ਮੰਚ ਦੇ ਜਨਰਲ ਸਕੱਤਰ ਮਨੋਜ ਕੁਮਾਰ ਸਿੰਘ ਤੇ ਰੂਪਮ ਮਿਸ਼ਰਾ ਸ਼ਾਮਲ ਸਨ।





